ਡੇਰਾ ਸੱਚਖੰਡ ਬੱਲਾਂ ਨੇ ਅੰਮ੍ਰਿਤਵਾਣੀ ਨੂੰ ਵੀ ਬੇਅਦਬੀ ਬਿੱਲ ’ਚ ਸ਼ਾਮਲ ਕਰਨ ਦੀ ਕੀਤੀ ਮੰਗ
ਸਿਲੈਕਟ ਕਮੇਟੀ ਦੀ ਦੂਜੀ ਮੀਟਿੰਗ ’ਚ ਨੁਮਾਇੰਦਿਆਂ ਨੇ ਦਿੱਤਾ ਮੰਗ ਪੱਤਰ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 30 ਜੁਲਾਈ : ਵਿਧਾਨ ਸਭਾ ’ਚ ਲਿਆਂਦੇ ਗਏ ਪੰਜਾਬ ਦੇ ਪਵਿੱਤਰ ਗ੍ਰੰਥਾਂ ਦੇ ਖ਼ਿਲਾਫ਼ ਅਪਰਾਧ ਦੀ ਰੋਕਥਾਮ ਬਿੱਲ (ਬੇਅਦਬੀ ਬਿੱਲ), ਜਿਸ ਨੂੰ ਸਿਲੈਕਟ ਕਮੇਟੀ ਦੇ ਹਵਾਲੇ ਕਰ ਕੇ ਸਬੰਧਤ ਪੱਖਾਂ ਨਾਲ ਗੱਲਬਾਤ ਕਰਨ ਲਈ ਕਿਹਾ ਗਿਆ ਸੀ, ਦੀ ਮੰਗਲਵਾਰ ਨੂੰ ਦੂਜੀ ਮੀਟਿੰਗ ’ਚ ਡੇਰਾ ਸੱਚਖੰਡ ਬੱਲਾਂ ਸਮੇਤ ਕੁਝ ਹੋਰ ਡੇਰਿਆਂ ਦੇ ਮੁਖੀਆਂ ਤੇ ਪੈਰੋਕਾਰਾਂ ਨੇ ਵੀ ਲਿਖਤੀ ਮੰਗ ਪੱਤਰ ਸੌਂਪੇ। ਜਲੰਧਰ ਸਥਿਤ ਡੇਰਾ ਸੱਚਖੰਡ ਬੱਲਾਂ ਦੇ ਪ੍ਰਬੰਧਕਾਂ ਨੇ ਕਮੇਟੀ ਨੂੰ ਗੁਰੂ ਰਵਿਦਾਸ ਦੀ ਅੰਮ੍ਰਿਤਵਾਣੀ ਨੂੰ ਵੀ ਬਿੱਲ ’ਚ ਸ਼ਾਮਲ ਕਰਨ ਲਈ ਕਿਹਾ ਤੇ ਕਿਹਾ ਕਿ ਹੋਰਨਾਂ ਧਾਰਮਿਕ ਗ੍ਰੰਥਾਂ ਦੀ ਤਰ੍ਹਾਂ ਜੇ ਅੰਮ੍ਰਿਤਵਾਣੀ ਦੀ ਵੀ ਕੋਈ ਬੇਅਦਬੀ ਕਰਦਾ ਹੈ ਤਾਂ ਉਸ ਨੂੰ ਵੀ ਇਸੇ ਐਕਟ ਦੇ ਤਹਿਤ ਸਖ਼ਤ ਸਜ਼ਾ ਦਿੱਤੀ ਜਾਵੇ। ਕਮੇਟੀ ਆਪਣੀ ਅਗਲੀ ਮੀਟਿੰਗ ’ਚ ਇਨ੍ਹਾਂ ਧਾਰਮਿਕ ਗ੍ਰੰਥਾਂ ’ਤੇ ਉਨ੍ਹਾਂ ਦੇ ਪੈਰੋਕਾਰਾਂ ਨਾਲ ਵੀ ਗੱਲਬਾਤ ਕਰੇਗੀ। ਸਿਲੈਕਟ ਕਮੇਟੀ ਛੇਤੀ ਹੀ ਸਾਰੇ ਅਖ਼ਬਾਰਾਂ ’ਚ ਬਿੱਲ ਨੂੰ ਪ੍ਰਕਾਸ਼ਿਤ ਕਰਵਾ ਕੇ ਆਮ ਜਨਤਾ ਦੇ ਸੁਝਾਅ ਮੰਗੇਗੀ। ਇਹ ਫ਼ੈਸਲਾ ਵੀ ਮੀਟਿੰਗ ’ਚ ਲਿਆ ਗਿਆ। ਕਮੇਟੀ ਇਸ ਬਿੱਲ ਨੂੰ ਵੱਧ ਤੋਂ ਵੱਧ ਜਨਤਕ ਕਰਨਾ ਚਾਹੁੰਦੀ ਹੈ ਤਾਂਕਿ ਆਮ ਲੋਕਾਂ ਤੱਕ ਇਹ ਪਹੁੰਚ ਸਕੇ ਤੇ ਉਹ ਇਨ੍ਹਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਣ ’ਤੇ ਦਿੱਤੀ ਜਾ ਸਕਣ ਵਾਲੀ ਸਜ਼ਾ ਨੂੰ ਲੈ ਕੇ ਆਪਣੇ ਸੁਝਾਅ ਕਮੇਟੀ ਨੂੰ ਦੇ ਸਕਣ। ਇਸਦੇ ਲਈ ਇਕ ਵ੍ਹਟਸਐਪ ਨੰਬਰ ਵੀ ਜਾਰੀ ਕੀਤਾ ਜਾਵੇਗਾ, ਨਾਲ ਹੀ ਵਿਧਾਨ ਸਭਾ ਸਕੱਤਰੇਤ ਵੱਲੋਂ ਇਕ ਈ-ਮੇਲ ਪਤਾ ਵੀ ਦਿੱਤਾ ਜਾਵੇਗਾ ਤਾਂਕਿ ਵੱਧ ਤੋਂ ਵੱਧ ਲੋਕ ਇਸ ਬਿੱਲ ’ਤੇ ਆਪਣੇ ਸੁਝਾਅ ਦੇ ਸਕਣ। ਨਾਲ ਹੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਲੈ ਕੇ ਵੱਖ-ਵੱਖ ਦੇਸ਼ਾਂ ’ਚ ਕੀ ਕਾਨੂੰਨ ਹਨ ਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਉਨ੍ਹਾਂ ਕੀ ਕਦਮ ਚੁੱਕੇ ਹਨ, ਇਸਦੀ ਵੀ ਚਰਚਾ ਕੀਤੀ ਜਾਵੇਗੀ।



