
ਅੰਮ੍ਰਿਤਸਰ, 30 ਜੁਲਾਈ : ਨਗਰ ਨਿਗਮ ਅੰਮ੍ਰਿਤਸਰ ਵੱਲੋਂ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਸੁੰਦਰਤਾ ਮੁਹਿੰਮ ਨੂੰ ਲੋਕਾਂ ਵੱਲੋਂ ਬੇਹੱਦ ਵਧੀਆ ਸਹਿਯੋਗ ਮਿਲ ਰਿਹਾ ਹੈ। ਇਹ ਸੱਤ ਦਿਨਾਂ ਦੀ ਵਿਸ਼ੇਸ਼ ਮੁਹਿੰਮ ਜੋ ਸ਼ਹਿਰ ਦੇ ਮੁੱਖ ਦਰਵਾਜ਼ੇ ‘ਗੋਲਡਨ ਗੇਟ’ ਤੋਂ ਸ਼ੁਰੂ ਹੋਈ ਸੀ, ਉਹ ਸ੍ਰੀ ਦਰਬਾਰ ਸਾਹਿਬ ਤੇ ਸਮਾਪਤ ਹੋਵੇਗੀ। ਕਮਿਸ਼ਨਰ ਨਗਰ ਨਿਗਮ ਨੇ ਸ਼ਹਿਰ ਦੇ ਨਿਵਾਸੀਆਂ, ਸਮਾਜਿਕ ਸੇਵਕਾਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਨੂੰ ਇਸ ਮੁਹਿੰਮ ਵਿਚ ਭਰਪੂਰ ਭਾਗ ਲੈਣ ਦੀ ਅਪੀਲ ਕੀਤੀ। ਇਸ ਅਪੀਲ ਦਾ ਜਵਾਬ ਦਿੰਦਿਆਂ ਪ੍ਰਮੁੱਖ ‘ਫੋਕਲ ਪੁਆਇੰਟ ਇੰਡਸਟ੍ਰੀਅਲ ਵੈਲਫੇਅਰ ਅਸੋਸੀਏਸ਼ਨ’ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਅਤੇ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ’ਤੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ। ਇਹ ਮੁਹਿੰਮ ਡੇਰਾ ਬਾਬਾ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਫੋਕਲ ਪੁਆਇੰਟ ਅਸੋਸੀਏਸ਼ਨ ਨੇ ਅੱਜ ਮਹੱਤਵਪੂਰਨ ਭੂਮਿਕਾ ਨਿਭਾਉਂਦਿਆਂ ਜੀਟੀ ਰੋਡ ’ਤੇ ਦਰੱਖ਼ਤਾਂ ਦੀ ਪੇਂਟਿੰਗ ਕਰਨ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਸਫਾਈ ਦੀ ਜ਼ਿੰਮੇਵਾਰੀ ਲਈ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਸਾਈਟ ’ਤੇ ਕੰਮ ਕਰ ਰਹੇ ਮਜ਼ਦੂਰਾਂ ਲਈ ਭੋਜਨ ਅਤੇ ਪਾਣੀ ਦੀ ਵੀ ਵਿਵਸਥਾ ਕੀਤੀ। ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਫੋਕਲ ਪੁਆਇੰਟ ਇੰਡਸਟ੍ਰੀਅਲ ਵੈਲਫੇਅਰ ਅਸੋਸੀਏਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸੱਤ ਦਿਨਾਂ ਦੀ ਮੁਹਿੰਮ ਪ੍ਰਤੀਕਾਤਮਕ ਹੈ, ਪਰ ਅਸਲ ਮਕਸਦ ਸ਼ਹਿਰ ਦੀ ਲਗਾਤਾਰ ਸਫਾਈ ਅਤੇ ਸੁਧਾਰ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਨੇ ਨਿਵਾਸੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਕਾਰਪੋਰੇਸ਼ਨ ਨਾਲ ਮਿਲ ਕੇ ਸ਼ਹਿਰ ਦੇ ਵਿਕਾਸ ਵਿਚ ਯੋਗਦਾਨ ਪਾਏ ਮੁਹਿੰਮ ਹੇਠ ਕੀਤੇ ਜਾ ਰਹੇ ਕੰਮਾਂ ਵਿਚ ਸੜਕਾਂ ਦੀ ਸਫਾਈ, ਮਲਬਾ ਤੇ ਕੂੜਾ ਹਟਾਉਣਾ, ਰੋਡ ਪੈਚ ਵਰਕ, ਫੁੱਟਪਾਥ ਅਤੇ ਮੱਧ ਰੇਖਾਵਾਂ ਦੀ ਮੁਰੰਮਤ, ਜੰਗਲੀ ਬੂਟਿਆਂ ਦੀ ਛੰਟਾਈ, ਪੌਦਿਆਂ ਨੂੰ ਪਾਣੀ ਦੇਣਾ, ਸਟ੍ਰੀਟ ਲਾਈਟਾਂ ਦੀ ਮੁਰੰਮਤ, ਅਤੇ ਗੈਰਕਾਨੂੰਨੀ ਕਬਜਿਆਂ ਅਤੇ ਇਸ਼ਤਿਹਾਰਾਂ ਨੂੰ ਹਟਾਉਣਾ ਸ਼ਾਮਲ ਹਨ। ਇਹ ਸਭ ਕੁਝ ਸ਼ਹਿਰ ਨੂੰ ਸੈਲਾਨੀਆਂ ਅਤੇ ਸ਼ਰਧਾਲੂਆਂ ਲਈ ਸੁੰਦਰ ਬਣਾਉਣ ਦੀ ਕੋਸ਼ਿਸ਼ ਹੈ।



