
ਬਠਿੰਡਾ, 28 ਜੁਲਾਈ : ਥਾਣਾ ਸਦਰ ਰਾਮਪੁਰਾ ਦੀ ਪੁਲਿਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਵਿੱਢੀ ਮੁਹਿੰਮ ਤਹਿਤ ਪਿੰਡ ਚਾਉਕੇ ਵਿਖੇ ਪਿੰਡ ਦੀ ਹੀ ਇਕ ਔਰਤ ਨੂੰ 150 ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਇਲਾਕੇ ਦੇ ਪਿੰਡਾਂ ’ਚ ਗਸ਼ਤ ਕੀਤੀ ਜਾ ਰਹੀ ਸੀ। ਗਸ਼ਤ ਦੌਰਾਨ ਪੁਲਿਸ ਪਾਰਟੀ ਜਦ ਉਕਤ ਪਿੰਡ ਨਜ਼ਦੀਕ ਪਹੁੰਚੀ ਤਾਂ ਇੱਕ ਔਰਤ ਸ਼ੱਕੀ ਹਾਲਾਤਾਂ ’ਚ ਹੱਥ ’ਚ ਥੈਲਾ ਫੜ ਕੇ ਪਿੰਡ ਵੱਲ ਆ ਰਹੀ ਸੀ, ਜਦੋਂ ਪੁਲਿਸ ਪਾਰਟੀ ਵੱਲੋਂ ਉਕਤ ਔਰਤ ਨੂੰ ਰੋਕ ਕੇ ਉਸ ਦੇ ਹੱਥ ’ਚ ਫੜੇ ਥੈਲੇ ਦੀ ਤਲਾਸ਼ੀ ਲਈ ਤਾਂ ਉਸ ’ਚੋਂ 150 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਮੌਕੇ ’ਤੇ ਉਕਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ। ਔਰਤ ਦੀ ਪਛਾਣ ਮਨਜੀਤ ਕੌਰ ਵਾਸੀ ਚਾਉਕੇ ਵਜੋਂ ਹੋਈ। ਪੁਲਿਸ ਨੇ ਉਕਤ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।



