ਟੈਂਕੀ ‘ਚ ਕਰੰਟ ਲੱਗਣ ਨਾਲ ਹੋਈ ਸੀ ਮੌਤ, 5 ਸਾਲ ਬਾਅਦ ਕੋਰਟ ਨੇ ਸੁਣਾਇਆ ਫੈਸਲਾ; ਪੀੜਤਾਂ ਨੂੰ ਮਿਲੇਗਾ 27 ਲੱਖ ਮੁਆਵਜ਼ਾ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 24 ਮਈ- ਪੰਜ ਸਾਲ ਪਹਿਲਾਂ ਇਕ ਜਿਊਲਰ ਦੀ ਦੁਕਾਨ ‘ਤੇ ਹਾਦਸੇ ‘ਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਮਜ਼ਦੂਰ ਪਾਣੀ ਦੀ ਟੈਂਕੀ ਸਾਫ਼ ਕਰਨ ਲਈ ਉਤਰੇ ਸਨ ਪਰ ਉਨ੍ਹਾਂ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਲੇਬਰ ਕੋਰਟ ਨੇ ਪੀੜਤ ਪਰਿਵਾਰ ਨੂੰ 27 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਇਹ ਮੁਆਵਜ਼ਾ ਘਰ ਦੇ ਮਾਲਕ ਨੂੰ ਦੇਣਾ ਪਵੇਗਾ। ਮ੍ਰਿਤਕਾਂ ‘ਚ 17 ਸਾਲਾ ਬੀਰੂ ਤੇ ਉਸਦਾ ਚਾਚਾ ਜਤਿੰਦਰ (35) ਸ਼ਾਮਲ ਸਨ। ਦੋਵੇਂ ਮ੍ਰਿਤਕ ਮੂਲ ਰੂਪ ‘ਚ ਪ੍ਰਯਾਗਰਾਜ ਦੇ ਵਸਨੀਕ ਸਨ ਤੇ ਚੰਡੀਗੜ੍ਹ ਦੇ ਧਨਾਸ ਦੀ ਪੁਨਰਵਾਸ ਕਾਲੋਨੀ ‘ਚ ਰਹਿੰਦੇ ਸਨ। ਬੀਰੂ ਦੇ ਪਰਿਵਾਰ ਨੇ ਚੰਡੀਗੜ੍ਹ ਲੇਬਰ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਦੋਂਕਿ ਜਤਿੰਦਰ ਦੇ ਪਰਿਵਾਰ ਨੇ ਪ੍ਰਯਾਗਰਾਜ ‘ਚ ਕੇਸ ਦਾਇਰ ਕੀਤਾ ਸੀ। ਪ੍ਰਯਾਗਰਾਜ ਲੇਬਰ ਕੋਰਟ ਨੇ ਜਤਿੰਦਰ ਦੇ ਪਰਿਵਾਰ ਨੂੰ 9 ਲੱਖ ਰੁਪਏ ਦਾ ਮੁਆਵਜ਼ੇ ਦਾ ਫੈਸਲਾ ਸੁਣਾਇਆ ਹੈ। ਬੀਰੂ ਦਾ ਕੇਸ ਲੜ ਰਹੇ ਵਕੀਲ ਡੀਆਰ ਕੈਂਥ ਨੇ ਕਿਹਾ ਕਿ 30 ਸਤੰਬਰ, 2020 ਨੂੰ ਜੌਹਰੀ ਰਾਮ ਅਵਤਾਰ ਨੇ ਜਿਤੇਂਦਰ ਨੂੰ ਸੈਕਟਰ-27 ਸਥਿਤ ਆਪਣੇ ਘਰ ‘ਚ ਪਾਣੀ ਦੀ ਟੈਂਕੀ ਸਾਫ਼ ਕਰਨ ਲਈ ਬੁਲਾਇਆ ਸੀ। ਜਤਿੰਦਰ ਆਪਣੇ ਭਤੀਜੇ ਬੀਰੂ ਨੂੰ ਵੀ ਨਾਲ ਲੈ ਗਿਆ। ਦੋਵਾਂ ਨੂੰ ਇਸ ਕੰਮ ਲਈ ਪ੍ਰਤੀ ਦਿਨ 1,000 ਰੁਪਏ ਦਿੱਤੇ ਜਾਣੇ ਸਨ। ਜਿਵੇਂ ਹੀ ਉਹ ਪਾਣੀ ਦੀ ਟੈਂਕੀ ‘ਚ ਉਤਰੇ, ਉਨ੍ਹਾਂ ਬਿਜਲੀ ਦਾ ਝਟਕਾ ਲੱਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ। ਦਰਅਸਲ, ਰਾਮ ਅਵਤਾਰ ਨੇ ਟੈਂਕੀ ‘ਚ ਇੱਕ ਅਲਾਰਮ ਲਗਾਇਆ ਸੀ ਤੇ ਉਸਦਾ ਸਵਿੱਚ ਹਟਾਉਣਾ ਭੁੱਲ ਗਿਆ ਸੀ ਜਿਸ ਕਾਰਨ ਟੈਂਕੀ ‘ਚ ਉਤਰਤੇ ਸਾਰ ਹੀ ਉਨ੍ਹਾਂ ਨੂੰ ਕਰੰਟ ਲੱਗ ਗਿਆ। ਪੀੜਤ ਪਰਿਵਾਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤੇ ਰਾਮ ਅਵਤਾਰ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ। ਪੁਲਿਸ ਨੇ ਘਰ ਦੇ ਮਾਲਕ ਵਿਰੁੱਧ ਐਫਆਈਆਰ ਦਰਜ ਕੀਤੀ ਸੀ। ਘਰ ਦੇ ਮਾਲਕ ਨੇ ਅਦਾਲਤ ‘ਚ ਦਲੀਲ ਦਿੱਤੀ ਕਿ ਪੁਲਿਸ ਨੇ ਝੂਠਾ ਕੇਸ ਦਰਜ ਕੀਤਾ ਹੈ ਤੇ ਘਟਨਾ ਸਮੇਂ ਉਹ ਘਰ ਨਹੀਂ ਸੀ। ਉਸਨੇ ਸਿਰਫ਼ ਜਤਿੰਦਰ ਨੂੰ ਫ਼ੋਨ ਕੀਤਾ ਸੀ, ਜਦੋਂਕਿ ਬੀਰੂ ਨੂੰ ਨੌਕਰੀ ‘ਤੇ ਰੱਖਣ ਦਾ ਫੈਸਲਾ ਜਤਿੰਦਰ ਨੇ ਲਿਆ ਸੀ। ਅਦਾਲਤ ਨੇ ਉਸਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ।



