Punjab

ਦਰੱਖਤਾਂ ਕਾਰਨ ਬੱਸ ਖੇਤ ’ਚ ਡਿੱਗੀ, ਕਿਸਾਨਾਂ ਨੇ ਸਵਾਰੀਆਂ ਬਚਾਈਆਂ

ਮਹਿਲਕਲਾਂ, 27 ਜੁਲਾਈ : ਵਿਧਾਨ ਸਭਾ ਹਲਕਾ ਮਹਿਲਕਲਾਂ ਅਧੀਨ ਪੈਂਦੇ ਪਿੰਡ ਗਹਿਲ ਤੋਂ ਟੱਲੇਵਾਲ ਵੱਲ ਨੂੰ ਜਾਣ ਵਾਲੀ ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਬਣੀ ਸੜਕ ’ਤੇ ਦਰੱਖਤਾਂ ਦੇ ਨੀਵੇਂ ਟਾਹਣੇ ਅਤੇ ਸੜਕ ’ਚ ਖੱਡਿਆਂ ਕਾਰਨ ਇਕ ਪੀਆਰਟੀਸੀ ਬੱਸ ਬੇਕਾਬੂ ਹੋ ਕੇ ਖੇਤ ’ਚ ਡਿੱਗ ਗਈ। ਇਹ ਬੱਸ ਬਰਨਾਲਾ ਤੋਂ ਜਗਰਾਉਂ ਜਾ ਰਹੀ ਸੀ। ਹਾਦਸਾ ਟੱਲੇਵਾਲ-ਗਹਿਲ ਸੜਕ ’ਤੇ ਹੋਇਆ, ਜਿੱਥੇ ਖੇਤ ’ਚ ਕੰਮ ਕਰ ਰਹੇ ਕਿਸਾਨਾਂ ਨੇ ਮੌਕੇ ’ਤੇ ਪੁੱਜ ਕੇ ਸਵਾਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਬੱਸ ’ਚੋਂ ਬਾਹਰ ਕੱਢ ਲਿਆ। ਕਿਸੇ ਵੀ ਸਵਾਰੀ ਨੂੰ ਜਾਨੀ ਨੁਕਸਾਨ ਨਹੀਂ ਹੋਇਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਧਨੇਰ ਗਰੁੱਪ ਦੇ ਆਗੂ ਜਸਵਿੰਦਰ ਸਿੰਘ ਜੱਸਾ, ਪੰਚ ਜਗਰੂਪ ਸਿੰਘ ਗਹਿਲ, ਦਲਜੀਤ ਸਿੰਘ ਗੋਗਾ, ਗੁਰਸੇਵਕ ਸਿੰਘ ਅਤੇ ਸਤਿਨਾਮ ਸਿੰਘ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸੜਕ ਕਿਨਾਰੇ ਖੜ੍ਹੇ ਦਰੱਖਤਾਂ ਦੀ ਛਾਂਟੀ ਕਰਨ ਤੇ ਅਧੂਰੀ ਪਈ ਸੜਕ ਨੂੰ ਮੁਕੰਮਲ ਕਰਨ ਦੀ ਮੰਗ ਕੀਤੀ। ਇਸ ਮੌਕੇ ਯੂਨੀਅਨ ਆਗੂਆਂ ਨੇ ਦੱਸਿਆ ਕਿ ਇਲਾਕੇ ’ਚ ਇਹ ਪਹਿਲਾ ਹਾਦਸਾ ਨਹੀਂ। ਸੜਕ ਕਿਨਾਰੇ ਖੜ੍ਹੇ ਖਸਤਾ ਹਾਲ ਦਰੱਖਤ ਤੇ ਟੁੱਟੀ ਸੜਕ ਕਾਰਨ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਰੱਖਤਾਂ ਦੀ ਛੰਟਾਈ ਕਰ ਕੇ ਸੜਕ ਕੰਮ ਨੂੰ ਤੁਰੰਤ ਮੁਕੰਮਲ ਕੀਤਾ ਜਾਵੇ, ਤਾਂ ਜੋ ਜਾਨਮਾਲ ਦੀ ਰੱਖਿਆ ਹੋ ਸਕੇ।

Related Articles

Leave a Reply

Your email address will not be published. Required fields are marked *

Back to top button