Punjab

ਬਾਗਬਾਨੀ ’ਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਕੈਬਨਿਟ ਮੰਤਰੀ ਨੂੰ ਮਿਲੇ ਕਿਸਾਨ

ਪੱਟੀ, 27 ਜੁਲਾਈ : ਬਾਗਬਾਨੀ ਵਿਭਾਗ ਵੱਲੋਂ ਅੰਮ੍ਰਿਤਸਰ ਵਿਖੇ ਕਰਵਾਏ ਗਏ ਨਾਸ਼ਪਾਤੀ ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ ਮੌਕੇ ਬਾਗਬਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਬਾਗਬਾਨੀ ਵਿਭਾਗ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨਾਲ ਪੱਟੀ ਇਲਾਕੇ ਦੇ ਬਾਗਬਾਨਾਂ ਜਸਬੀਰ ਸਿੰਘ ਸੰਧੂ, ਅਵਤਾਰ ਸਿੰਘ ਖਹਿਰਾ, ਸੁਖਬੀਰ ਸਿੰਘ ਸੋਢੀ, ਸਤਿੰਦਰ ਸਿੰਘ ਭੁੱਲਰ, ਪ੍ਰਮਿੰਦਰ ਸਿੰਘ ਕਿਰਤੋਵਾਲ, ਜਸਬੀਰ ਸਿੰਘ ਸੋਢੀ ਆਦਿ ਨੇ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਲੰਬੇ ਸਮੇ ਤੋਂ ਸੰਘਰਸ਼ ਕਰਦੀ ਆ ਰਹੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢ ਕਿ ਵੱਖ ਵੱਖ ਫਸਲਾਂ ਦੀ ਕਾਸ਼ਤ ਵੱਲ ਲਾਮਬੰਦ ਕੀਤਾ ਜਾਵੇ। ਜਿਸ ਤਹਿਤ ਪੱਟੀ ਤਹਿਸੀਲ ਦੇ ਕਿਸਾਨਾਂ ਨੇ ਸਰਕਾਰ ਦੇ ਇਸ ਨਾਅਰੇ ਨੂੰ ਅਪਣਾਉਂਦਿਆਂ ਹੋਇਆਂ 700 ਹੈੱਕਟੇਅਰ ਦੇ ਕਰੀਬ ਰਕਬੇ ਵਿਚ ਨਾਸ਼ਪਾਤੀ ਦੇ ਬਾਗ ਦੀ ਕਾਸ਼ਤ ਤਾਂ ਕਰ ਦਿੱਤੀ, ਪਰ ਅਫਸੋਸ ਕੇਦਰ ਅਤੇ ਪੰਜਾਬ ਸਰਕਾਰ ਨੇ ਅਜੇ ਤਕ ਕਣਕ ਅਤੇ ਝੋਨੇ ਦੀ ਕੁਦਰਤੀ ਆਫਤ ਨਾਲ ਹੋਣ ਵਾਲੇ ਨੁਕਸਾਨ ਦੀ ਭਰਵਾਈ ਲਈ ਮੁਆਵਜ਼ੇ ਦੀ ਤਰਜ਼ ’ਤੇ ਬਾਗਾਂ ਦੇ ਹੋਣ ਵਾਲੇ ਨੁਕਸਾਨ ਦੇ ਮੁਆਵਜ਼ੇ ਲਈ ਕੋਈ ਕਾਨੂੰਨ ਨਹੀਂ ਬਣਾਇਆ। ਉਨ੍ਹਾਂ ਕਿਹਾ ਕਿ ਹਰੇਕ ਸਾਲ ਬਾਗਾਂ ਦੇ ਕਾਸ਼ਤਕਾਰ ਕੁਦਰਤੀ ਆਫਤਾਂ ਦੇ ਨੁਕਸਾਨ ਨੂੰ ਝੱਲ ਕੇ ਆਰਥਿਕ ਤੌਰ ’ਤੇ ਮੰਦੀ ਦਾ ਸ਼ਿਕਾਰ ਹੋ ਰਹੇ ਹਨ ਤੇ ਇਸ ਵਾਰ ਵੀ ਕੁਦਰਤੀ ਆਫਤ ਨਾਲ 40 ਪ੍ਰਤੀਸ਼ਤ ਫਲ ਦਾ ਨੁਕਸਾਨ ਅਤੇ ਵੱਡੀ ਪੱਧਰ ’ਤੇ ਬੂਟਿਆਂ ਦਾ ਨੁਕਸਾਨ ਹੋ ਗਿਆ ਹੈ। ਕਾਸ਼ਤਕਾਰਾਂ ਨੇ ਮੰਤਰੀ ਤੋਂ ਮੰਗ ਕੀਤੀ ਕਿ ਅਰਬ ਦੇਸ਼ਾਂ ਵਿਚ ਨਾਸ਼ਪਾਤੀ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਬਾਗ਼ਬਾਨੀ ਦਾ ਰਕਬਾ ਵਧੇਗਾ ਅਤੇ ਝੋਨੇ ਹੇਠੋਂ ਰਕਬਾ ਘਟੇਗਾ। ਇਸ ਤੋਂ ਇਲਾਵਾ ਕਾਸ਼ਤਕਾਰਾਂ ਨੇ ਮੰਗ ਕੀਤੀ ਕਿ ਸਰਕਾਰੀ ਨਰਸਰੀਆਂ ਵਿਚ ਨਾਸ਼ਪਤੀ ਦੇ ਬੂਟੇ ਵੱਧ ਤੋਂ ਵੱਧ ਤਿਆਰ ਕੀਤੇ ਜਾਣ ਤਾਂ ਜੋ ਯੂ.ਪੀ ਪ੍ਰਦੇਸ ਤੋਂ ਬੂਟੇ ਨਾ ਮੰਗਵਾਉਣੇ ਪੈਣ। ਬਾਗਵਾਨਾਂ ਨੂੰ ਨਹਿਰੀ ਪਾਣੀ ਅਪ੍ਰੈਲ ਮਈ ਮਹੀਨੇ ਵਿਚ ਮੁਹੱਈਆ ਕਰਵਾਇਆ ਜਾਵੇ, ਕੁਦਰਤੀ ਆਫ਼ਤਾਂ ਨਾਲ ਬਾਗਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ, ਇਲਾਕਾ ਪੱਟੀ ਅੰਦਰ ਨਾਸ਼ਪਤੀ ਦੀ ਪੈਦਾਵਾਰ ਨੂੰ ਮੁੱਖ ਰੱਖਦਿਆਂ ਫੂਡ ਪ੍ਰੋਸੈਸਿੰਗ ਪਲਾਂਟ ਲਾਇਆ ਜਾਵੇ ਤਾਂ ਜੋ ਬਾਗਵਾਨੀ ਨੂੰ ਰਾਹਤ ਅਤੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ।

Related Articles

Leave a Reply

Your email address will not be published. Required fields are marked *

Back to top button