
ਖਾਲੜਾ, 26 ਜੁਲਾਈ : ਸਰਹੱਦ ਪਾਰੋਂ ਡ੍ਰੋਨ ਦੀ ਮਦਦ ਨਾਲ ਆਏ ਚਾਈਨਾ ਮੇਡ ਪਿਸਟਲ ਦੇ ਹਿੱਸੇ ਪਿੰਡ ਡਲੀਰੀ ਕੋਲੋਂ ਬਰਾਮਦ ਹੋਏ ਹਨ। ਜਿਸ ਨੂੰ ਕਬਜ਼ੇ ’ਚ ਲੈ ਕੇ ਥਾਣਾ ਖਾਲੜਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਅਸਲਾ ਤੇ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਾਰਜ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਡਲੀਰੀ ਦੇ ਖੇਤ ’ਚ ਡ੍ਰੋਨ ਰਾਹੀਂ ਆਇਆ ਪੈਕਟ ਡਿੱਗਾ ਹੈ। ਉਕਤ ਸੂਚਨਾ ਦੇ ਆਧਾਰ ’ਤੇ ਥਾਣਾ ਖਾਲੜੇ ਦੇ ਸਬ ਇੰਸਪੈਕਟਰ ਲਖਬੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਬੀਐੱਸਐੱਫ ਦੇ ਅਧਿਕਾਰੀ ਬੀਐੱਨ ਚੱਕਰਾ ਨੂੰ ਸੂਚਿਤ ਕੀਤਾ। ਜਦਕਿ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਪੀਲੇ ਰੰਗ ਦੀ ਟੇਪ ’ਚ ਲਪੇਟਿਆ ਪੈਕੇਟ ਬਰਾਮਦ ਕੀਤਾ ਗਿਆ। ਜਿਸ ਦੀ ਜਾਂਚ ਦੌਰਾਨ ਉਸ ਵਿਚੋਂ ਚੀਨ ਦੇ ਬਣੇ .30 ਬੋਰ ਪਿਸਟਲ ਦੇ ਹਿੱਸੇ ਤੇ ਇਕ ਮੈਗਜ਼ੀਨ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਉਕਤ ਪੈਕਟ ਮੰਗਵਾਉਣ ਵਾਲੇ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ ਤੇ ਜਲਦੀ ਉਸ ਦੀ ਪਛਾਣ ਕਰ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।



