Punjab

ਹਥਿਆਰਾਂ ਦੇ ਜ਼ੋਰ ’ਤੇ ਸੋਨਾ ਲੁੱਟਣ ਵਾਲੇ 4 ਮੁਲਜ਼ਮ ਗ੍ਰਿਫਤਾਰ

ਲੁਧਿਆਣਾ, 25 ਜੁਲਾਈ : ਲੁਧਿਆਣਾ 32 ਸੈਕਟਰ ਇਲਾਕੇ ’ਚ ਆਪਣੇ ਘਰ ਦੇ ਬਾਹਰ ਖੜ੍ਹੇ ਵਿਅਕਤੀ ’ਤੇ ਤੇਜ਼ਧਾਰ ਦਾਤ ਤੇ ਬੇਸਬਾਲ ਦੇ ਡੰਡਿਆਂ ਨਾਲ ਵਾਰ ਕਰ ਕੇ ਉਸ ਕੋਲੋਂ ਸੋਨਾ ਲੁੱਟਣ ਵਾਲੇ 4 ਮੁਲਜ਼ਮਾਂ ਨੂੰ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਇਸ ਮਾਮਲੇ ’ਚ ਮੁਲਜ਼ਮਾਂ ਦੇ 2 ਹੋਰ ਸਾਥੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ ਮੋਬਾਈਲ ਫੋਨ, ਸੋਨੇ ਦੀ ਚੇਨ, ਸੋਨੇ ਦੀ ਮੁੰਦਰੀ, ਐਕਟਿਵਾ ਸਕੂਟਰ, ਇੱਕ ਮੋਟਰਸਾਈਕਲ, 3 ਲੋਹੇ ਦੇ ਦਾਤ, ਇੱਕ ਬੇਸਬਾਲ ਤੇ ਵੱਖ-ਵੱਖ ਮਾਰਕਿਆਂ ਦੇ 6 ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਮਨਗਰ ਭਾਮੀਆਂ ਰੋਡ ਦੇ ਰਹਿਣ ਵਾਲੇ ਸਾਵਨ, ਮੁੰਡੀਆਂ ਕਲਾਂ ਵਾਸੀ ਹਿਮਾਂਸ਼ੂ, ਮਹਾਵੀਰ ਸਿੰਘ ਉਰਫ ਸੰਧੂ ਤੇ ਵਨੀਤ ਕੁਮਾਰ ਵਜੋਂ ਹੋਈ ਹੈ। ਪੁਲਿਸ ਮੁਲਜ਼ਮਾਂ ਦੇ ਸਾਥੀ ਦਸ਼ਮੇਸ਼ ਨਗਰ ਮੰਡੀਆਂ ਕਲਾਂ ਵਾਸੀ ਸ਼ਿਵਮ ਯਾਦਵ ਤੇ ਮੁੰਡੀਆਂ ਕਲਾਂ ਦੇ ਰਹਿਣ ਵਾਲੇ ਅੰਕਿਤ ਦੀ ਭਾਲ ’ਚ ਜੁੱਟ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਬਾਕਸ– ਇੰਝ ਵਾਪਰੀ ਸੀ ਲੁੱਟ ਦੀ ਵਾਰਦਾਤ ਇਸ ਸਬੰਧੀ ਜਾਣਕਾਰੀ ਦਿੰਦਿਆਂ ਈਡੀਸੀਪੀ ਮਨਦੀਪ ਸਿੰਘ ਨੇ ਦੱਸਿਆ ਕਿ ਸੈਕਟਰ-32 ਦਾ ਰਹਿਣ ਵਾਲਾ ਮੁਕੇਸ਼ ਕਪੂਰ 21 ਜੁਲਾਈ ਦੀ ਰਾਤ ਨੂੰ ਆਪਣੇ ਘਰ ਦੇ ਬਾਹਰ ਮੌਜੂਦ ਸੀ। ਇਸੇ ਦੌਰਾਨ ਐਕਟਿਵਾ ਤੇ ਮੋਟਰਸਾਈਕਲ ’ਤੇ 6 ਵਿਅਕਤੀ ਆਏ। ਮੁਲਜ਼ਮਾਂ ਨੇ ਮੁਕੇਸ਼ ਕਪੂਰ ’ਤੇ ਦਾਤ ਅਤੇ ਬੇਸਬਾਲ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਬੁਰੀ ਤਰ੍ਹਾਂ ਹਮਲਾ ਕਰਨ ਤੋਂ ਬਾਅਦ ਮੁਲਜ਼ਮ ਉਸ ਦੇ ਕੋਲੋਂ ਸੋਨੇ ਦੀਆਂ 3 ਮੁੰਦਰੀਆਂ ਤੇ ਇੱਕ ਚੇਨ ਲੁੱਟ ਕੇ ਲੈ ਗਏ। ਫੱਟੜ ਹੋਏ ਮੁਕੇਸ਼ ਕਪੂਰ ਨੂੰ ਜ਼ਖਮੀ ਹਾਲਤ ’ਚ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦਾਖਲ ਕਰਵਾਇਆ ਗਿਆ। ਮੁਕੇਸ਼ ਕਪੂਰ ਦੇ ਬਿਆਨ ਲੈ ਕੇ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ। ਏਡੀਸੀਪੀ ਮਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰ. 7 ਦੀ ਪੁਲਿਸ ਨੇ ਭਰੋਸੇਯੋਗ ਸੂਤਰਾਂ ਦੀ ਜਾਣਕਾਰੀ ਤੇ ਟੈਕਨੀਕਲ ਤਫਤੀਸ਼ ਦੌਰਾਨ ਪੂਰੇ ਗਿਰੋਹ ਦੀ ਸ਼ਨਾਖਤ ਕੀਤੀ। ਨਾਕਾਬੰਦੀ ਦੌਰਾਨ ਪੁਲਿਸ ਨੇ ਸਾਵਨ, ਹਿਮਾਂਸ਼ੂ, ਮਹਾਵੀਰ ਸਿੰਘ ਤੇ ਵਨੀਤ ਕੁਮਾਰ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਸੋਨੇ ਦੀ ਚੇਨ, ਸੋਨੇ ਦੀ ਮੁੰਦਰੀ, ਲੋਹੇ ਦੇ ਦਾਤ, ਬੇਸਬਾਲ, 6 ਮੋਬਾਈਲ ਫੋਨ, ਐਕਟਿਵਾ ਸਕੂਟਰ ਤੇ ਮੋਟਰਸਾਈਕਲ ਬਰਾਮਦ ਕਰ ਕੇ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਜਦ ਮੁਲਜ਼ਮਾਂ ਦੇ ਅਪਰਾਧਿਕ ਪਿਛੋਕੜ ’ਤੇ ਝਾਤੀ ਮਾਰੀ ਤਾਂ ਸਾਹਮਣੇ ਆਇਆ ਕਿ ਮੁਲਜ਼ਮ ਹਿਮਾਂਸ਼ੂ ਖਿਲਾਫ਼ ਥਾਣਾ ਜਮਾਲਪੁਰ ’ਚ ਚੋਰੀ ਦਾ ਇੱਕ ਮੁਕੱਦਮਾ ਦਰਜ ਹੈ। ਇਸੇ ਤਰ੍ਹਾਂ ਮੁਲਜ਼ਮ ਵਨੀਤ ਕੁਮਾਰ ਖਿਲਾਫ਼ ਥਾਣਾ ਜਮਾਲਪੁਰ ’ਚ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ 4 ਕੇਸ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਪਾਰਟੀ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਕੇ ਹੋਰ ਜਾਣਕਾਰੀਆਂ ਇਕੱਠੀ ਕਰ ਰਹੀ ਹੈ।

Related Articles

Leave a Reply

Your email address will not be published. Required fields are marked *

Back to top button