
ਲੁਧਿਆਣਾ, 25 ਜੁਲਾਈ : ਲੁਧਿਆਣਾ ਰੇਲਵੇ ਦੇ ਠੇਕੇਦਾਰ ਨਾਲ ਕੰਮ ਕਰ ਰਹੇ ਇੱਕ ਨੌਜਵਾਨ ਨੂੰ ਡਾਕਖਾਨੇ ’ਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਮੋਗਾ ਦੇ ਜੀਰਾ ਇਲਾਕੇ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਉਸ ਕੋਲੋਂ ਪੂਰੇ 6 ਲੱਖ ਰੁਪਏ ਦੀ ਰਕਮ ਲੈ ਲਈ। ਮੁਲਜ਼ਮ ਨੇ ਲੜਕੇ ਨੂੰ ਆਪਣੀ ਉੱਚੀ ਪਹੁੰਚ ਦਾ ਹਵਾਲਾ ਦੇ ਕੇ ਜਾਲ ’ਚ ਫਸਾ ਕਿ ਉਸ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ। ਇਸ ਮਾਮਲੇ ’ਚ ਪੜਤਾਲ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਰੇਲਵੇ ਕਾਲੋਨੀ ਦੇ ਰਹਿਣ ਵਾਲੇ ਆਸ਼ੂ ਫੋਨਕਰ ਦੀ ਸ਼ਿਕਾਇਤ ’ਤੇ ਪਿੰਡ ਫਿਰੋਕੇ ਤਹਿਸੀਲ ਜੀਰਾ ਮੋਗਾ ਵਾਸੀ ਨਿਰਮਲ ਸਿੰਘ ਖਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਆਸ਼ੂ ਨੇ ਦੱਸਿਆ ਕਿ ਉਸ ਦੇ ਇੱਕ ਵਾਕਫ ਵਿਅਕਤੀ ਦੇ ਜ਼ਰੀਏ ਨਿਰਮਲ ਸਿੰਘ ਉਸ ਨੂੰ ਮਿਲਿਆ। ਨਿਰਮਲ ਸਿੰਘ ਨੇ ਆਖਿਆ ਕਿ ਸੈਂਟਰ ’ਚ ਉਸ ਦੀ ਬਹੁਤ ਪਹੁੰਚ ਹੈ ਤੇ ਉਹ ਬੜੀ ਆਸਾਨੀ ਨਾਲ ਡਾਕਖਾਨੇ ’ਚ ਉਸ ਨੂੰ ਸਰਕਾਰੀ ਨੌਕਰੀ ਦਵਾ ਦੇਵੇਗਾ। ਸਬਜ਼ਬਾਗ ਦਿਖਾ ਕੇ ਉਸ ਨੇ ਆਸ਼ੂ ਕੋਲੋਂ 6 ਲੱਖ ਰੁਪਏ ਹਾਸਲ ਕਰ ਲਏ। ਸਾਲ 2024 ਦੀ ਸ਼ੁਰੂਆਤ ’ਚ ਹੋਈ ਇਸ ਡੀਲ ਤੋਂ ਬਾਅਦ ਮੁਲਜ਼ਮ ਨੇ ਆਸ਼ੂ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਨਾ ਤਾਂ ਉਸ ਨੇ ਲੜਕੇ ਨੂੰ ਨੌਕਰੀ ਲਗਵਾ ਕੇ ਦਿੱਤੀ ਤੇ ਨਾ ਹੀ ਰਕਮ ਵਾਪਸ ਮੋੜੀ। 11 ਅਕਤੂਬਰ 2024 ਨੂੰ ਆਸ਼ੂ ਸੋਨਕਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇੱਕ ਲਿਖ਼ਤ ਸ਼ਿਕਾਇਤ ਦਿੱਤੀ। ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਨਿਰਮਲ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਰਾਜਕੁਮਾਰ ਨੇ ਦੱਸਿਆ ਕਿ ਤਫਤੀਸ਼ ਕੀਤੀ ਜਾ ਰਹੀ ਹੈ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।



