Punjab

30 ਵਰ੍ਹਿਆਂ ਤੋਂ ਬਗੀਚੀ ਦੀ ਸਾਂਭ-ਸੰਭਾਲ ’ਚ ਡਟਿਆ ਪਰਿਵਾਰ, 100 ਗਮਲਿਆਂ ’ਚ ਮੌਸਮੀ ਫੁੱਲ ਬਿਖੇਰਦੇ ਨੇ ਮਹਿਕ

ਅੰਮ੍ਰਿਤਸਰ, 24 ਜੁਲਾਈ : ਕੁਦਰਤ ਦੇ ਰੰਗਾਂ ਦਾ ਆਨੰਦ ਮਾਨਣ ਦੇ ਨਾਲ-ਨਾਲ ਕਲਾ ਖੇਤਰ ਨੂੰ ਅਥਾਹ ਮੋਹ ਕਰਨ ਵਾਲੇ ਦੇਸ਼ ਦੇ ਪ੍ਰਸਿੱਧ ਬੁੱਤ ਤਰਾਸ਼ ਨਰਿੰਦਰ ਸਿੰਘ ਦਾ ਸਮੂਹ ਪਰਿਵਾਰ 30 ਵਰ੍ਹਿਆਂ ਤੋਂ ਘਰ ਬਣਾਈ ਬਗੀਚੀ ਦੀ ਸਾਂਭ-ਸੰਭਾਲ ਕਰਦੇ ਆ ਰਿਹਾ ਹੈ ਜਦ ਕਿ ਇਸ ਬਗੀਚੀ ਦੀ ਸੁੰਦਰਤਾ ਬਰਕਰਾਰ ਰੱਖਣ ਲਈ ਨਰਿੰਦਰ ਸਿੰਘ ਬੁੱਤ ਤਰਾਸ਼ ਦੇ ਪਿਤਾ ਜੋਗਿੰਦਰ ਸਿੰਘ ਵਿਸ਼ੇਸ਼ ਰੋਲ ਨਿਭਾਅ ਰਹੇ ਹਨ। ਮਜੀਠਾ ਰੋਡ ਸਥਿਤ ਨਗੀਨਾ ਐਵਨਿਊ ਵਿਖੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਗੀਚੀ ਲਗਪਗ 30 ਸਾਲ ਪੁਰਾਣੀ ਹੈ। ਇਸ ਬਗੀਚੀ ਵਿਚ ਕੁੱਲ 400 ਗਮਲੇ ਹਨ ਜਿਨ੍ਹਾਂ ਵਿਚ 300 ਗਮਲਿਆਂ ’ਚ ਵੱਖ-ਵੱਖ ਕਿਸਮਾਂ ਦੇ ਕੈਕਟਸ ਲਗਾਏ ਗਏ ਹਨ। ਜ਼ਿਕਰਯੋਗ ਹੈ ਕਿ ਕੈਕਟਸ ਦਾ ਬੂਟਾ ਕੰਡਿਆਂ ਨਾਲ ਭਰਪੂਰ ਹੁੰਦਾ ਹੈ ਅਤੇ ਜ਼ਿਆਦਾਤਰ ਲੋਕ ਇਸ ਨੂੰ ਘਰਾਂ ’ਚ ਲਗਾਉਣਾ ਪਸੰਦ ਵੀ ਨਹੀਂ ਕਰਦੇ ਪਰ ਇਸ ਪਰਿਵਾਰ ਨੂੰ ਕੈਕਟਸ ਦੇ ਬੂਟੇ ਪਾਲਣ ਦਾ ਸ਼ੌਕ ਹੈ ਅਤੇ ਇਸ ਸ਼ੌਕ ਨੂੰ ਬਰਕਰਾਰ ਰੱਖਣ ਲਈ ਪੰਜਾਬ ਅਤੇ ਪੰਜਾਬ ਦੇ ਬਾਹਰਲੇ ਇਲਾਕਿਆਂ ’ਚੋਂ ਵੀ ਕੈਕਟਸ ਲਿਆ ਕੇ ਇਸ ਬਗੀਚੀ ’ਚ ਲਗਾਈ ਜਾਂਦੀ ਹੈ ਅਤੇ ਖਾਸ ਕਰ ਕੇ ਇਸ ਬਗੀਚੀ ਵਿਚ ਥੋਹਰ ਦੇ ਬੂਟੇ ਵੀ ਲਗਾਏ ਗਏ ਹਨ। ਜੋਗਿੰਦਰ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਦੇ ਕੈਕਟਸ ਗਾਰਡਨ ’ਚੋਂ ਵੀ ਕਈ ਕਿਸਮਾਂ ਦੇ ਕੈਕਟਸ ਲਿਆ ਕੇ ਪਾਲੇ ਗਏ ਹਨ। ਇਸ ਤੋਂ ਇਲਾਵਾ ਬਗੀਚੀ ਵਿਚ 100 ਗਮਲਿਆਂ ’ਚ ਵੱਖ-ਵੱਖ ਤਰ੍ਹਾਂ ਦੇ ਸਦਾ ਬਹਾਰ ਸਜਾਵਟੀ ਬੂਟੇ ਲਗਾਏ ਗਏ ਹਨ। ਮੌਸਮ ਦੇ ਹਿਸਾਬ ਨਾਲ ਫੁੱਲਾਂ ਦੇ ਬੂਟੇ ਵੀ ਇਸ ਬਗੀਚੀ ਦੀ ਸ਼ਾਨ ਤੇ ਸੁੰਦਰਤਾ ’ਚ ਅਥਾਹ ਵਾਧਾ ਕਰਦੇ ਹਨ। ਮਹਿਕਾਂ ਵੰਡਦੇ ਬੂਟਿਆਂ ’ਚ ਕਈ ਕਿਸਮਾਂ ਦੇ ਗੁਲਾਬ, ਚੰਪਾ, ਚੰਮੇਲੀ, ਕਲੀਆਂ ਆਦਿ ਵਾਤਾਵਰਣ ’ਚ ਆਪੋ-ਆਪਣੀ ਮਹਿਕ ਘੋਲਦੇ ਹਨ। ਜੋਗਿੰਦਰ ਸਿੰਘ ਨੇ ‘ਪੰਜਾਬੀ ਜਾਗਰਣ’ ਵੱਲੋਂ ਬੂਟੇ ਲਗਾਉਣ ਵਾਲੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਸਮਾਜ ਲਈ ਵੱਡਾ ਯੋਗਦਾਨ ਦੱਸਦਿਆਂ ਕਿਹਾ ਕਿ ਇਸ ਬਗੀਚੀ ਦੀ ਸਾਂਭ-ਸੰਭਾਲ ’ਚ ਉਨ੍ਹਾਂ ਦਾ ਬੇਟਾ ਨਰਿੰਦਰ ਸਿੰਘ, ਪੋਤਰਾ ਤੇਗਬੀਰ ਸਿੰਘ ਅਤੇ ਪੋਤਰੀ ਇੰਦਰਪ੍ਰੀਤ ਕੌਰ ਵੱਡਾ ਯੋਗਦਾਨ ਪਾਉਂਦੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੈਕਟਸ ਦੇ ਬੂਟਿਆਂ ਦੀ ਸਭ ਤੋਂ ਵੱਧ ਦੇਖਭਾਲ ਕਰਨੀ ਪੈਂਦੀ ਹੈ ਕਿਉਂਕਿ ਖੁਸ਼ਕ ਮੌਸਮ ’ਚ ਪਲਣ ਵਾਲਾ ਇਹ ਬੂਟਾ ਜ਼ਿਆਦਾ ਸਰਦੀ ਨਹੀਂ ਝੱਲ ਸਕਦਾ ਅਤੇ ਸਰਦੀਆਂ ਵਿਚ ਇਨ੍ਹਾਂ ਬੂਟਿਆਂ ਨੂੰ ਬੇਹੱਦ ਹਿਫਾਜ਼ਤ ਨਾਲ ਢਕ ਕੇ ਬੱਚਿਆਂ ਵਾਂਗ ਪਾਲਣਾ ਪੈਂਦਾ ਹੈ। ਕੈਕਟਸ ਨੂੰ ਹਾਈਬਿ੍ਡ ਅਤੇ ਗ੍ਰਾਫਟਿੰਗ ਤਕਨੀਕ ਰਾਹੀਂ ਗਮਲਿਆਂ ਵਿਚ ਪਾਲਿਆ ਜਾਂਦਾ ਹੈ ਅਤੇ ਇਸ ਬੂਟੇ ਦੀ ਉਮਰ ਕੋਈ ਪੰਜ ਕੁ ਸਾਲ ਦੇ ਆਸ-ਪਾਸ ਹੁੰਦੀ ਹੈ।

ਕੁਦਰਤ ਦੀ ਦਾਤ ਹੈ ਬਗੀਚੀ

ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਲਈ ਬਗੀਚੀ ਕੁਦਰਤ ਦੀ ਦਾਤ ਹੈ। ਰੰਗ-ਬਿਰੰਗੇ ਟਹਿਕਦੇ ਫੁੱਲ ਕੁਦਰਤ ਨਾਲ ਨੇੜਤਾ ਵਧਾਉਂਦੇ ਹਨ। ਇਸ ਦੀ ਸਾਂਭ-ਸੰਭਾਲ ਤਪੱਸਿਆ ਕਰਨ ਦੇ ਬਰਾਬਰ ਹੈ। ਸਮੇਂ ਸਿਰ ਗੋਡੀ ਕਰਨੀ, ਪਾਣੀ ਦੇਣਾ, ਮਿੱਟੀ ਛਾਣ ਕੇ ਗਮਲਿਆਂ ’ਚ ਭਰਨੀ, ਨਿੰਮ ਦੀ ਲੱਕੜ ਦਾ ਬੂਰਾ ਅਤੇ ਗੰਡੋਇਆਂ ਵਾਲੀ ਦੇਸੀ ਖਾਦ ਦੀ ਵਰਤੋਂ ਕਰ ਕੇ ਬੂਟਿਆਂ ਦਾ ਪਾਲਣ-ਪੋਸ਼ਣ ਕਰਨਾ, ਬਗੀਚੀ ਨੂੰ ਬਰਕਰਾਰ ਤੇ ਤਰੋ-ਤਾਜ਼ਾ ਰੱਖਣਾ ਨਿੱਤਨੇਮ ਵਾਂਗ ਬਣ ਚੁੱਕਾ ਹੈ।

ਮਰਹੂਮ ਸ਼ਾਇਰ ਦੇਵ ਦਰਦ ਦਾ ਯੋਗਦਾਨ ਯਾਦ ਰੱਖਣ ਯੋਗ

ਜੋਗਿੰਦਰ ਸਿੰਘ ਨੇ ਕਿਹਾ ਕਿ ਇਸ ਬਗੀਚੀ ਦੀ ਤਿਆਰੀ ’ਚ ਮਰਹੂਮ ਸ਼ਾਇਰ ਦੇਵ ਦਰਦ ਦਾ ਵੀ ਯੋਗਦਾਨ ਵੀ ਯਾਦ ਰੱਖਣਯੋਗ ਹੈ। ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਨਰਿੰਦਰ ਸਿੰਘ ਅਤੇ ਮਰਹੂਮ ਸ਼ਾਇਰ ਦੇਵ ਦਰਦ ਦੀ ਆਪਸੀ ਨੇੜਤਾ ਹੋਣ ਕਰਕੇ ਦੇਵ ਦਰਦ ਨੇ ਬਗੀਚੀ ਸਬੰਧੀ ਬੇਹੱਦ ਸਹਿਯੋਗ ਕੀਤਾ ਸੀ। ਸ਼ਾਇਰ ਦੇਵ ਦਰਦ ਖੁਦ ਵਾਤਾਵਰਣ ਪ੍ਰੇਮੀ ਤੇ ਪੰਛੀ ਪ੍ਰੇਮੀ ਹੋਣ ਕਾਰਨ ਕੁਦਰਤ ਨੂੰ ਅਥਾਹ ਪ੍ਰੇਮ ਕਰਦੇ ਸਨ ਅਤੇ ਕਈ ਕਿਸਮਾਂ ਦੇ ਕੈਕਟਸ ਅਤੇ ਹੋਰ ਪੌਦੇ ਸ਼ਾਇਰ ਦੇਵ ਦਰਦ ਦੀ ਪ੍ਰੇਰਣਾ ਅਤੇ ਸਲਾਹ ਕਰ ਕੇ ਹੀ ਬਗੀਚੀ ਦਾ ਸ਼ਿੰਗਾਰ ਬਣਾਏ ਗਏ ਸਨ।

Related Articles

Leave a Reply

Your email address will not be published. Required fields are marked *

Back to top button