ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੇ ਨਰਮਾ ਵਾਹੁਣ ਵਾਲੇ ਕਿਸਾਨਾਂ ਦੇ ਖੇਤਾਂ ਦਾ ਕੀਤਾ ਦੌਰਾ, ਵਿਭਾਗ ਦਾ ਦਾਅਵਾ ਚਿੱਟੀ ਮੱਖੀ ਕਰਕੇ ਫਸਲ ਨਹੀਂ ਵਾਹੀ

ਬਠਿੰਡਾ, 24 ਜੁਲਾਈ : ਜ਼ਿਲ੍ਹੇ ਦੇ ਪਿੰਡ ਪੱਕਾ ਕਲਾਂ ਵਿੱਚ ਚਿੱਟੀ ਮੱਖੀ ਦੇ ਹਮਲੇ ਤੋਂ ਬਾਅਦ ਆਪਣੀ ਨਰਮੇ ਦੀ ਫਸਲ ਵਾਹੁਣ ਵਾਲੇ ਕਿਸਾਨਾਂ ਨਾਲ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੇ ਰਾਬਤਾ ਕਾਇਮ ਕੀਤਾ। ਵਿਭਾਗ ਦੀਆਂ ਟੀਮਾਂ ਉਕਤ ਕਿਸਾਨਾਂ ਦੇ ਖੇਤਾਂ ਵਿੱਚ ਪੁੱਜੀਆਂ ਅਤੇ ਇਸ ਸਬੰਧੀ ਸਾਰੀ ਜਾਣਕਾਰੀ ਇਕੱਤਰ ਕੀਤੀ। ਦੋ ਏਕੜ ਫਸਲ ਵਾਹੁਣ ਵਾਲੇ ਅਵਤਾਰ ਸਿੰਘ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਨੇ ਉਨ੍ਹਾਂ ਕੋਲੋਂ ਨਰਮੇ ਦੇ ਖਰੀਦ ਕੀਤੇ ਬੀਜ ਦਾ ਬਿੱਲ ਅਤੇ ਕੀੜੇਮਾਰ ਦਵਾਈਆਂ ਦੇ ਬਿੱਲਾਂ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਰੀਬ ਇਕ ਏਕੜ ਨਰਮੇ ਦੀ ਫਸਲ ਅਜੇ ਵੀ ਖੜੀ ਹੈ, ਜਿਸ ਵਿੱਚ ਵਿਭਾਗ ਦੀ ਟੀਮ ਨੇ ਨਿਰੀਖਣ ਕੀਤਾ ਤਾਂ ਪਾਇਆ ਕਿ ਚਿੱਟਾ ਮੱਛਰ ਨਰਮੇ ਦੀ ਫਸਲ ਉੱਪਰ ਦਿਸ ਰਿਹਾ ਹੈ। ਉਕਤ ਕਿਸਾਨ ਦਾ ਕਹਿਣਾ ਸੀ ਕਿ ਹੁਣ ਉਹ ਆਪਣੇ ਖੇਤ ਵਿੱਚ ਝੋਨੇ ਦੀ ਬਿਜਾਈ ਕਰ ਰਿਹਾ ਹੈ। ਹਾਲਾਂਕਿ ਉਸ ਦੇ ਖੇਤ ਵਿੱਚ ਪਾਣੀ ਦਾ ਕੋਈ ਸਾਧਨ ਨਹੀਂ ਹੈ, ਪਰ ਫਿਰ ਵੀ ਫਸਲ ਖਰਾਬ ਹੋ ਜਾਣ ਤੋਂ ਬਾਅਦ ਉਸ ਦੇ ਗੁਆਂਢੀ ਕਿਸਾਨ ਨਾਜਰ ਸਿੰਘ ਨੇ ਜਿੱਥੇ ਉਸ ਨੂੰ ਝੋਨੇ ਦੀ ਪਨੀਰੀ ਮੁਫਤ ਦਿੱਤੀ ਹੈ, ਉੱਥੇ ਹੀ ਉਸਨੇ ਪਾਣੀ ਦੇਣ ਦਾ ਵੀ ਭਰੋਸਾ ਦਿੱਤਾ ਹੈ, ਜਿਸ ਤੋਂ ਬਾਅਦ ਉਸਨੇ ਦੋ ਏਕੜ ਜਮੀਨ ਵਿੱਚ ਝੋਨਾ ਲਾਉਣ ਦਾ ਮਨ ਬਣਾਇਆ ਹੈ। ਇਸ ਤਰ੍ਹਾਂ ਹੀ ਦੂਸਰੇ ਕਿਸਾਨ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ 60 ਹਜਾਰ ਰੁਪਏ ਪ੍ਰਤੀ ਏਕੜ ਜਮੀਨ ਠੇਕੇ ’ਤੇ ਲੈ ਕੇ ਨਰਮੇ ਦੀ ਬਿਜਾਈ ਕੀਤੀ ਸੀ। ਉਸ ਨੇ ਦੱਸਿਆ ਕਿ ਹੁਣ ਤਕ ਨਰਮੇ ਦੀ ਫਸਲ ਉੱਤੇ ਉਹ ਕਰੀਬ 20 ਹਜਾਰ ਰੁਪਏ ਪ੍ਰਤੀ ਏਕੜ ਖਰਚ ਕਰ ਚੁੱਕੇ ਹਨ, ਪਰ ਚਿੱਟੀ ਮੱਖੀ ਦੇ ਹਮਲੇ ਕਾਰਨ ਉਨ੍ਹਾਂ ਨੂੰ ਨਰਮੇ ਦੀ ਫਸਲ ਵਾਹੁਣ ਲਈ ਮਜਬੂਰ ਹੋਣਾ ਪਿਆ। ਕਿਸਾਨ ਨੇ ਕਿਹਾ ਕਿ ਹੁਣ ਝੋਨਾ ਲਗਾਉਣ ਤੋਂ ਬਿਨਾਂ ਹੋਰ ਉਨ੍ਹਾਂ ਕੋਲ ਕੋਈ ਚਾਰਾ ਨਹੀਂ। ਕਿਸਾਨ ਹਰਬੰਸ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਟੀਮ ਨੇ ਉਸ ਨਾਲ ਕੋਈ ਸੰਪਰਕ ਨਹੀਂ ਕੀਤਾ ਸਗੋਂ, ਉਹ ਅਵਤਾਰ ਸਿੰਘ ਦੇ ਖੇਤਾਂ ਵਿੱਚੋਂ ਹੀ ਵਾਪਸ ਚਲੀ ਗਈ।
ਵਿਭਾਗ ਦਾ ਦਾਅਵਾ ਚਿੱਟੀ ਮੱਖੀ ਕਰਕੇ ਫਸਲ ਨਹੀਂ ਵਾਹੀ
ਦੂਜੇ ਪਾਸੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਜਗਦੀਸ਼ ਸਿੰਘ ਦਾ ਕਹਿਣਾ ਸੀ ਕਿ ਕਿਸਾਨਾਂ ਨੇ ਨਰਮੇ ਦੀ ਫਸਲ ਚਿੱਟੀ ਮੱਖੀ ਦੇ ਹਮਲੇ ਕਾਰਨ ਨਹੀਂ ਵਾਹੀ ਹੈ। ਉਨ੍ਹਾਂ ਕਿਹਾ ਕਿ ਥੋੜੀ ਬਹੁਤੀ ਚਿੱਟੀ ਮੱਖੀ ਹਮੇਸ਼ਾ ਹੀ ਰਹਿੰਦੀ ਹੈ, ਪਰ ਐਨਾ ਕੋਈ ਹਮਲਾ ਨਹੀਂ ਹੈ ਜਿਸ ਕਾਰਨ ਫਸਲ ਵਾਹੁਣੀ ਪਵੇ। ਉਨ੍ਹਾਂ ਕਿਹਾ ਕਿ ਅਸਲ ਵਿੱਚ ਦੋਵੇਂ ਕਿਸਾਨਾਂ ਨੇ ਝੋਨੇ ਦੀ ਫਸਲ ਬੀਜਣ ਲਈ ਨਰਮਾ ਵਾਹਿਆ ਹੈ। ਖੇਤੀਬਾੜੀ ਵਿਭਾਗ ਦੀਆਂ ਟੀਮਾਂ ਲਗਾਤਾਰ ਖੇਤਾਂ ਵਿੱਚ ਜਾ ਕੇ ਸਰਵੇਖਣ ਕਰ ਰਹੀਆਂ ਹਨ, ਪਰ ਅਜੇ ਤਕ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਧਰੇ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਉਣ। ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਅਤੇ ਹਰਬੰਸ ਸਿੰਘ ਨੇ ਆਪਣੀ ਚਾਰ ਏਕੜ ਨਰਮੇ ਦੀ ਫਸਲ ਨੂੰ ਇਹ ਕਹਿ ਕੇ ਵਾਹ ਦਿੱਤਾ ਸੀ ਕਿ ਉਸ ਉੱਪਰ ਚਿੱਟੀ ਮੱਖੀ ਦਾ ਹਮਲਾ ਨਹੀਂ ਰੁਕ ਰਿਹਾ, ਪਰ ਇਸ ਤੋਂ ਪਹਿਲਾਂ ਉਨ੍ਹਾਂ ਖੇਤੀਬਾੜੀ ਵਿਭਾਗ ਨਾਲ ਕੋਈ ਰਾਬਤਾ ਨਹੀਂ ਕੀਤਾ।



