
ਸ਼ਬਦੀਸ਼ ਥਿੰਦ
ਜਲੰਧਰ, 23 ਜੁਲਾਈ : ਇਕ ਪਾਸੇ ਨਵੀਂ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ, ਨਵੀਂ ਸਬਜ਼ੀ ਮੰਡੀ ਫੜ੍ਹੀ ਐਸੋਸੀਏਸ਼ਨ ਤੇ ਪੁਰਾਣੀ ਸਬਜ਼ੀ ਮੰਡੀ ਜਲੰਧਰ ਵਪਾਰੀ ਸੰਘ ਵੱਲੋਂ ਮੀਟਿੰਗ ਦੌਰਾਨ ਪਾਰਕਿੰਗ ਦੇ ਠੇਕੇਦਾਰ ਵੱਲੋਂ ਕੀਤੀ ਜਾ ਰਹੀ ਨਾਜਾਇਜ਼ ਵਸੂਲੀ ਦੇ ਵਿਰੋਧ ’ਚ ਭਲਕੇ 24 ਜੁਲਾਈ ਨੂੰ ਨਵੀਂ ਸਬਜੀ ਮੰਡੀ ਤੇ ਪੁਰਾਣੀ ਸਬਜੀ ਮੰਡੀ ਦੋਵੇਂ ਮੁਕੰਮਲ ਬੰਦ ਰੱਖਣ ਦਾ ਫੈਸਲਾ ਕੀਤਾ। ਦੂਜੇ ਪਾਸੇ ਐਸੋਸੀਏਸ਼ਨ ਫਲ ਮੰਡੀ ਤੇ ਫਲ ਮੰਡੀ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਕੰਵਲਜੀਤ ਸਿੰਘ ਲਵਲੀ, ਪ੍ਰਧਾਨ ਸੁਖਵਿੰਦਰ ਥਾਪਰ ਆਦਿ ਨੇ ਫਲ ਮੰਡੀ ਦੇ ਵਪਾਰੀਆਂ ਨਾਲ ਮਿਲ ਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਕਿਹਾ ਕਿ ਉਹ ਮੰਡੀ ਬੰਦ ਕਰਨ ਦੇ ਹੱਕ ’ਚ ਨਹੀਂ ਹਨ। ਉਹ ਮੰਡੀ ’ਚ ਆਮ ਵਾਂਗ ਵਪਾਰ ਕਰਨਗੇ। ਦੂਜੇ ਪਾਸੇ ਨਵੀਂ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ, ਨਵੀਂ ਸਬਜ਼ੀ ਮੰਡੀ ਫੜ੍ਹੀ ਐਸੋਸੀਏਸ਼ਨ ਤੇ ਪੁਰਾਣੀ ਸਬਜ਼ੀ ਮੰਡੀ ਜਲੰਧਰ ਵਪਾਰੀ ਸੰਘ ਵੱਲੋਂ ਜਲੰਧਰ ਦੇ ਸਾਰੇ ਵਪਾਰੀਆਂ ਤੇ ਜਨਤਾ ਨੂੰ ਸੂਚਿਤ ਕੀਤਾ ਕਿ ਪਾਰਕਿੰਗ ਠੇਕੇਦਾਰ ਤੇ ਉਸਦਾ ਸਟਾਫ ਲਗਾਤਾਰ ਧੱਕੇਸ਼ਾਹੀ ਕਰ ਕੇ ਜ਼ਿਆਦਾ ਪੈਸੇ ਵਸੂਲ ਰਿਹਾ ਹੈ। ਸਟਾਲ ਤੇ ਫੜ੍ਹੀਆਂ ਤੋਂ ਦੋਹਰੀ ਵਸੂਲੀ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਗਲੀ-ਮੁਹੱਲੇ ਦੇ ਵਿਕਰੇਤਾਵਾਂ ਨੂੰ ਵੀ ਲੁੱਟਿਆ ਜਾ ਰਿਹਾ ਹੈ। ਵੀਡੀਓ ਬਣਾਉਣ ਜਾਂ ਸਬੂਤ ਇਕੱਠੇ ਕਰਨ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰਜੀਤ ਸਿੰਘ ਸ਼ੰਟੀ ਬੱਤਰਾ ਨੂੰ ਵੀ ਸਮਾਜ ਵਿਰੋਧੀ ਅਨਸਰਾਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਹਨ। ਮਾਰਕੀਟ ਕਮੇਟੀ ਤੇ ਪ੍ਰਸ਼ਾਸਨ ਇਸ ਤੇ ਕੋਈ ਠੋਸ ਕਾਰਵਾਈ ਕਰਨ ’ਚ ਅਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬੰਦ ਸਿਰਫ ਇਕ ਚੇਤਾਵਨੀ ਹੈ। ਬੰਦ ਤੋਂ ਬਾਅਦ ਦੀ ਰਣਨੀਤੀ ਦੋਵਾਂ ਐਸੋਸੀਏਸ਼ਨਾਂ ਦੀ ਸਾਂਝੀ ਮੀਟਿੰਗ ’ਚ ਤੈਅ ਕੀਤੀ ਜਾਵੇਗੀ। ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰਜੀਤ ਸਿੰਘ ਸ਼ੰਟੀ ਬੱਤਰਾ ਨੇ ਕਿਹਾ ਕਿ ਇਸ ਇਕ ਰੋਜ਼ਾ ਬੰਦ ’ਚ ਰੇਹੜੀ–ਫੜ੍ਹੀ ਵਾਲਿਆਂ ਨੂੰ ਪੂਰਾ ਸਹਿਯੋਗ ਦੇਣ ਦੀ ਪੁਰਜ਼ੋਰ ਅਪੀਲ ਕੀਤੀ ਗਈ ਹੈ। ਇਸ ਬੰਦ ਦੀ ਸਾਰੀ ਜ਼ਿੰਮੇਵਾਰੀ ਮਾਰਕੀਟ ਕਮੇਟੀ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਸਬੰਧੀ ਉਚੇਚੇ ਤੌਰ ’ਤੇ ਕੀਤੀ ਗਈ ਮੀਟਿੰਗ ’ਚ ਮਹਿੰਦਰਜੀਤ ਸਿੰਘ ਸ਼ਾਂਤੀ ਬੱਤਰਾ ਪ੍ਰਧਾਨ, ਮੋਨੂੰ ਪੁਰੀ, ਗੋਲਡੀ ਖਾਲਸਾ ਸਰਪ੍ਰਸਤ, ਸੁਭਾਸ਼ ਢੱਲ ਸਰਪ੍ਰਸਤ, ਓਮ ਪ੍ਰਕਾਸ਼ ਭਾਂਬਰੀ ਸਰਪ੍ਰਸਤ, ਗੁਰਮਿੰਦਰ ਸਿੰਘ ਕੁੱਕੂ, ਸੁਖਬੀਰ ਸਿੰਘ ਲਾਡੀ, ਵੇਦ ਮੱਕਾਣੀ, ਮੁਨੀਸ਼ ਕਤਿਆਲ ਖਜ਼ਾਨਚੀ, ਮਿੰਟੂ ਭਾਂਬਰੀ ਜੁਆਇੰਟ ਸੈਕਟਰੀ, ਕਿਸ਼ਨ ਅਨੇਜਾ, ਮਨਜੀਤ ਕੁਮਾਰ, ਪ੍ਰਿੰਸ ਬੱਤਰਾ, ਰਿੰਕੂ ਦੂਆ, ਮਦਨ ਗਿਰਧਰ, ਰਾਜੀਵ ਧਮੀਜਾ, ਬੰਟੀ ਧਮੀਜਾ, ਭੋਮੀ ਓਬਰਾਏ, ਸ਼ੇਰਾ, ਵਿੱਕੀ ਗਾਂਧੀ, ਸੰਨੀ ਓਬਰਾਏ, ਵਿਸ਼ਵਾ ਗਰੋਵਰ, ਵਿੱਕੀ ਗੁਲਾਟੀ, ਪ੍ਰਦੀਪ, ਗੌਤਮ, ਗੋਰੂ ਤੁਲੀ, ਕਾਕਾ, ਰਾਜੂ, ਵੈਭਵ ਸਚਦੇਵਾ, ਪੱਪੂ ਬਲੂਜਾ, ਸੁਖਵਿੰਦਰ ਭੋਲੂ ਆਦਿ ਹਾਜ਼ਰ ਸਨ। ਜਿੰਨਾ ਚਿਰ ਸੰਘਰਸ਼ ਹੈ, ਇਹ ਕਦਮ ਨਹੀਂ ਰੁਕਣਗੇ : ਬੱਤਰਾ ਨਵੀਂ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰਜੀਤ ਸਿੰਘ ਸ਼ੰਟੀ ਬੱਤਰਾ ਦਾ ਕਹਿਣਾ ਹੈ ਕਿ ਇਹ ਸੰਘਰਸ਼ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਸਾਰਿਆਂ ਨੂੰ ਸੰਘਰਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸੱਚੀ ਜਿੱਤ ਉਨ੍ਹਾਂ ਦੀ ਹੁੰਦੀ ਹੈ ਜੋ ਕਦੇ ਹਾਰ ਨਹੀਂ ਮੰਨਦੇ। ਉਨ੍ਹਾਂ ਦਾ ਕਹਿਣਾ ਹੈ ਕਿ 24 ਜੁਲਾਈ ਨੂੰ ਬੰਦ ਮੰਡੀ ਬੋਰਡ ਲਈ ਚੇਤਾਵਨੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਅੰਦੋਲਨ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੋਵੇਗਾ ਪਰ ਜੇਕਰ ਪ੍ਰਸ਼ਾਸਨ ਵੱਲੋਂ ਕੋਈ ਪਹਿਲ ਕੀਤੀ ਗਈ ਤਾਂ ਇਸਦਾ ਦਾਇਰਾ ਹੋਰ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕਰ ਰਿਹਾ ਹੈ। ਆੜ੍ਹਤੀ ਲੰਬੇ ਸਮੇਂ ਤੋਂ ਆਪਣੀ ਆਵਾਜ਼ ਉਠਾ ਰਹੇ ਹਨ ਪਰ ਹੱਲ ਦੇ ਨਾਮ ਤੇ ਰਸਮੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।



