ਲੈਂਡ ਪੂਲਿੰਗ ਨੀਤੀ ਖਿਲਾਫ਼ ਰੋਸ ਧਰਨੇ ਦੌਰਾਨ ਭਾਰੀ ਮੀਂਹ ਦਰਮਿਆਨ ‘ਆਪ’ ’ਤੇ ਵਰ੍ਹੇ ਸੁਖਬੀਰ ਬਾਦਲ
ਅਕਾਲੀ ਦਲ ਨੂੰ ਬਦਨਾਮ ਕਰਨ ਵਾਲੀ ‘ਆਪ’ ਦੇ ਆਗੂ ਹੀ ਬੇਅਦਬੀਆਂ ਦੇ ਅਸਲ ’ਚ ਦੋਸ਼ੀ

ਲੁਧਿਆਣਾ, 23 ਜੁਲਾਈ : ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਨੂੰ ਲੈਂਡ ਗਰੈਬਿੰਗ ਨੀਤੀ ਦਾ ਨਾਂ ਦਿੰਦਿਆਂ ਰੋਸ ਧਰਨਾ ਦਿੱਤਾ। ਭਾਰੀ ਮੀਂਹ ਦੇ ਬਾਵਜੂਦ ਅਕਾਲੀ ਆਗੂਆਂ ਤੇ ਵਰਕਰਾਂ ਵਿਚਲਾ ਜੋਸ਼ ਦੇਖਦਿਆਂ ਹੀ ਬਣਦਾ ਸੀ। ਭਾਰੀ ਮੀਂਹ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਮ ਆਦਮੀ ਪਾਰਟੀ ’ਤੇ ਰੱਜ ਕੇ ਵਰ੍ਹੇ ਤੇ ਇੱਥੋਂ ਤੱਕ ਆਖ ਦਿੱਤਾ ਕਿ ‘ਆਪ’ ਦੀ ਸਰਕਾਰ ਸਿਰਫ਼ ਡੇਢ ਸਾਲ ਲਈ ਰਹਿ ਗਈ ਹੈ ਤੇ ਡੇਢ ਸਾਲ ’ਚੋਂ ਅੱਧਾ ਸਮਾਂ ਤਾਂ ਰਾਤ ਨੂੰ ਸੌਂ ਕੇ ਲੰਘ ਜਾਂਦਾ ਹੈ। ਉਸ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਬਣਦਿਆਂ ਸਾਰ ਜਿੱਥੇ ਲੈਂਡ ਗਰੈਬਿੰਗ ਨੀਤੀ ਨੂੰ ਰੱਦ ਕੀਤਾ ਜਾਵੇਗਾ, ਉੱਥੇ ਹੀ ‘ਆਪ’ ਆਗੂਆਂ ਤੇ ਅਧਿਕਾਰੀਆਂ ਤੋਂ ਲੁੱਟ ਦਾ ਹਿਸਾਬ ਲਿਆ ਜਾਵੇਗਾ। ਸੁਖਬੀਰ ਨੇ ਕਿਹਾ ਕਿ ਉਹ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਘਰੋਂ ਨਿਕਲ ਪਏ ਹਨ ਤੇ ਹੁਣ ਸਾਰੇ ਹੀ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਵੀ ਘਰੋਂ ਨਿਕਲ ਕੇ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਤੇ ਅਕਾਲੀ ਦਲ ਕੇਜਰੀਵਾਲ ਐਂਡ ਪਾਰਟੀ ਦੇ ਕਿਸੇ ਵੀ ਕਿਸਮ ਦੇ ਪਰਚੇ ਤੋਂ ਡਰਨ ਵਾਲੇ ਨਹੀਂ ਹਨ। ਸੁਖਬੀਰ ਨੇ ਕਿਹਾ ਕਿ ਕਿਸੇ ਵੀ ਅਕਾਲੀ ਆਗੂ ਤੇ ਵਰਕਰ ਨੂੰ ਘਰਬਾਉਣ ਦੀ ਜ਼ਰੂਰਤ ਨਹੀਂ ਹੈ ਤੇ ਉਹ ਹਮੇਸ਼ਾ ਵਰਕਰਾਂ ਨਾਲ ਖੜ੍ਹੇ ਹਨ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ’ਤੇ ਬੇਅਦਬੀਆਂ ਕਰਵਾਉਣ ਦਾ ਦੋਸ਼ ਲਾਉਣ ਵਾਲੀ ‘ਆਪ’ ਦੇ ਦਿੱਲੀ ਦੇ ਵਿਧਾਇਕ ਸਮੇਤ ਹੋਰ ‘ਆਪ’ ਵਾਲੇ ਹੀ ਬੇਅਦਬੀਆਂ ਦੇ ਅਸਲ ਦੋਸ਼ੀ ਹਨ। ਉਨ੍ਹਾਂ 2015 ਦੀਆਂ ਬੇਅਦਬੀ ਘਟਨਾਵਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ 2014 ’ਚ ‘ਆਪ’ ਦੀ ਪੰਜਾਬ ’ਚ ਆਮਦ ਤੋਂ ਬਾਅਦ ਸ਼ੁਰੂ ਹੋਈਆਂ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲੇ ਨੂੰ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ‘ਆਪ’ ਤੇ ਕਾਂਗਰਸ ਦੋਵਾਂ ਨੇ ਵਰਤਿਆ ਤਾਂ ਜੋ ਅਕਾਲੀ ਦਲ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ, ਕਿਉਂਕਿ ਉਨ੍ਹਾਂ ਨੂੰ ਡਰ ਸੀ 2017 ’ਚ ਅਕਾਲੀ ਦਲ ਫਿਰ ਤੋਂ ਤੀਜੀ ਵਾਰ ਚੋਣਾਂ ਜਿੱਤ ਜਾਵੇਗਾ। ਉਨ੍ਹਾਂ ਕਿਹਾ ਕਿ ਇਹਨਾਂ ਅਨਸਰਾਂ ਨੇ ਬੇਅਦਬੀ ਕੇਸਾਂ ਦੀ ਸੂਬਾਈ ਜਾਂਚ ਨਹੀਂ ਹੋਣ ਦਿੱਤੀ ਤੇ ਮੰਗ ਕੀਤੀ ਕਿ ਇਹ ਜਾਂਚ ਸੀਬੀਆਈ ਹਵਾਲੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਪਰ ਕਾਂਗਰਸ ਸਰਕਾਰ ਬਣਨ ’ਤੇ ਇਹ ਜਾਂਚ ਸੀਬੀਆਈ ਤੋਂ ਵਾਪਸ ਲੈ ਲਈ ਗਈ। ਉਦੋਂ ਤੋਂ ਇਸ ਬੇਹੱਦ ਸੰਵੇਦਨਸ਼ੀਲ ਮੁੱਦੇ ’ਤੇ ਆਪ ਅਤੇ ਕਾਂਗਰਸ ਦੋਵੇਂ ਰਾਜਨੀਤੀ ਕਰਦੀਆਂ ਆ ਰਹੀਆਂ ਹਨ ਤੇ ਦੋਸ਼ੀ ਆਜ਼ਾਦ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਨੇ ਮੋਗਾ ਤੇ ਮਾਲੇਰਕੋਟਲਾ ਬੇਅਦਬੀ ਮਾਮਲਿਆਂ ਦੀ ਮੁਕੰਮਲ ਜਾਂਚ ਕਰਵਾਈ ਤੇ ਦੋਵਾਂ ਕੇਸਾਂ ’ਚ ਦੋਸ਼ੀਆਂ ਨੂੰ ਸਜ਼ਾਵਾਂ ਦੁਆਈਆਂ। ਸੁਖਬੀਰ ਨੇ ਇਹ ਵੀ ਦੱਸਿਆ ਕਿ ਕਿਵੇਂ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਵਿਧਾਇਕ ਨਰੇਸ਼ ਯਾਦਵ ਦੀ ਮਦਦ ਕੀਤੀ, ਜਿਸ ਨੂੰ ਕਿ ਮਾਲੇਰਕੋਟਲਾ ’ਚ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਦੋਸ਼ੀ ਠਹਿਰਾਇਆ ਗਿਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਸ਼ਿਕਾਇਤਕਰਤਾ ਨੂੰ ਆਪਣੀ ਸ਼ਿਕਾਇਤ ਵਾਪਸ ਲੈਣ ਲਈ ਮਜਬੂਰ ਕੀਤਾ ਤੇ ਬਾਅਦ ’ਚ ਉਸ ਨੂੰ ਮਹਿਰੌਲੀ ਤੋਂ ਮੁੜ ਟਿਕਟ ਵੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ‘ਆਪ’ ਆਗੂਆਂ ਦਾ ਬੇਅਦਬੀ ਦੀਆਂ ਘਟਨਾਵਾਂ ’ਚ ਹੱਥ ਸੀ। ਸੂਬੇ ’ਚ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀਂ ਕੇਸ ਦੀ ਤਹਿ ਤੱਕ ਜਾਂਚ ਕਰਵਾਵਾਂਗੇ ਤੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਵਾਵਾਂਗੇ। ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ’ਚ ਲੈਂਡ ਪੂਲਿੰਗ ਨੀਤੀ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਨੀਤੀ ਕਿਸਾਨਾਂ ਦੀ ਭਲਾਈ ਨੂੰ ਧਿਆਨ ’ਚ ਰੱਖ ਕੇ ਬਣਾਈ ਗਈ ਹੈ ਤਾਂ ਮੁੱਖ ਮੰਤਰੀ ਦੱਸਣ ਕਿ ਉਨ੍ਹਾਂ ਨੇ ਇਸ ’ਤੇ ਹਸਤਾਖ਼ਰ ਕਰਨ ਤੋਂ ਨਾਂਹ ਕਿਉਂ ਕੀਤੀ ਤੇ ‘ਆਪ’ ਦੀ ਦਿੱਲੀ ਲੀਡਰਸ਼ਿਪ ਨੂੰ ਮਜਬੂਰ ਕਿਉਂ ਕੀਤਾ ਕਿ ਉਹ ਉਨ੍ਹਾਂ ਦੀ ਥਾਂ ਮੁੱਖ ਸਕੱਤਰ ਨੂੰ ਸਾਰੀਆਂ ਵਿਕਾਸ ਅਥਾਰਿਟੀਆਂ ਦਾ ਚੇਅਰਮੈਨ ਨਿਯੁਕਤ ਕਰੇ। ਇਸ ਮੌਕੇ ਸੀਨੀਅਰ ਆਗੂ ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਐੱਨਕੇ ਸ਼ਰਮਾ, ਸ਼ਰਨਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ, ਭੁਪਿੰਦਰ ਸਿੰਘ ਭਿੰਦਾ, ਐੱਸਆਰ ਕਲੇਰ, ਪਰਮਜੀਤ ਸਿੰਘ ਢਿੱਲੋਂ, ਤੀਰਥ ਸਿੰਘ ਮਾਹਲਾ, ਸੰਨੀ ਗਿੱਲ, ਪ੍ਰਭਜੋਤ ਸਿੰਘ ਧਾਲੀਵਾਲ, ਚੰਦ ਸਿੰਘ ਡੱਲਾ, ਸਰਬਜੀਤ ਸਿੰਘ ਝਿੰਜਰ, ਕਮਲ ਚੇਤਲੀ, ਆਰਡੀ ਸ਼ਰਮਾ, ਜਸਪਾਲ ਸਿੰਘ ਗਿਆਸਪੁਰਾ, ਮਨਜੀਤ ਸਿੰਘ ਮਦਨੀਪੁਰ, ਬਲਵਿੰਦਰ ਸਿੰਘ ਸਿੱਧੂ, ਪਰਉਪਕਾਰ ਸਿੰਘ ਘੁੰਮਣ, ਬੌਬੀ ਗਰਚਾ, ਹਿਤੇਸ਼ ਗਰੇਵਾਲ ਅਤੇ ਜਸਕਰਨ ਦਿਓਲ ਵੀ ਹਾਜ਼ਰ ਸਨ। ਖ਼ਬਰ ਦਾ ਬਾਕਸ: ਅਕਾਲੀ ਦਲ ਦੇ ਧਰਨੇ ਕਰ ਕੇ ਲੋਕਾਂ ਨੂੰ ਹੋਣਾ ਪਿਆ ਖੱਜਲ-ਖੁਆਰ ਅਕਾਲੀ ਦਲ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਰੋਸ ਧਰਨਾ ਦੇਣ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਿਆ। ਸੜਕ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਕਾਫ਼ੀ ਸਮਾਂ ਟ੍ਰੈਫ਼ਿਕ ਜਾਮ ਦਾ ਸਾਹਮਣਾ ਕਰਨਾ ਪਿਆ। ਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਸੜਕਾਂ ’ਤੇ ਹੀ ਵਾਹਨ ਖੜ੍ਹੇ ਕਰਨ ਕਰ ਕੇ ਲੋਕਾਂ ਨੂੰ ਆਪਣੇ ਵਾਹਨਾਂ ਰਾਹੀਂ ਲੰਘਣਾ ਕਾਫ਼ੀ ਮੁਸ਼ਕਿਲ ਹੋਇਆ। ਭਾਵੇਂ ਕਿ ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮ ਵਾਹਨ ਚਾਲਕਾਂ ਨੂੰ ਵਾਹਨ ਸਹੀ ਤਰੀਕੇ ਨਾਲ ਖੜ੍ਹੇ ਕਰਨ ਦੀ ਅਪੀਲ ਕਰਦੇ ਨਜ਼ਰ ਆਏ ਪਰ ਵਾਹਨ ਜ਼ਿਆਦਾ ਹੋਣ ਕਰ ਕੇ ਸੜਕਾਂ ’ਤੇ ਵਾਹਨਾਂ ਦਾ ਜਾਮ ਲੱਗਿਆ ਨਜ਼ਰ ਆਇਆ। ਖ਼ਬਰ ਦਾ ਬਾਕਸ: ਵਫ਼ਦ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪਿਆ ਰੋਸ ਧਰਨੇ ਤੋਂ ਬਾਅਦ ਅਕਾਲੀ ਦਲ ਦੇ ਇੱਕ ਵਫ਼ਦ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪਿਆ। ਇਹ ਮੰਗ-ਪੱਤਰ ਮੁੱਖ ਮੰਤਰੀ ਤੇ ਪੰਜਾਬ ਦੇ ਰਾਜਪਾਲ ਦੇ ਨਾਂ ’ਤੇ ਭੇਜਿਆ ਗਿਆ। ਮੰਗ ਪੱਤਰ ਦੇਣ ਵਾਲੇ ਵਫ਼ਦ ’ਚ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ, ਰਣਜੀਤ ਸਿੰਘ ਢਿੱਲੋਂ, ਐਡ. ਪਰਉਪਕਾਰ ਸਿੰਘ ਘੁੰਮਣ, ਹਰਜਿੰਦਰ ਸਿੰਘ ਬੌਬੀ ਗਰਚਾ, ਅਮਨਦੀਪ ਸਿੰਘ ਗੋਹਲਵੜੀਆ, ਰਖਵਿੰਦਰ ਸਿੰਘ ਗਾਬੜ੍ਹੀਆ, ਤਰਨਜੀਤ ਸਿੰਘ ਨਿਮਾਣਾ, ਬੀਬੀ ਨੀਲਮ ਕੋਹਲੀ ਆਦਿ ਹਾਜ਼ਰ ਸਨ।



