
ਬਠਿੰਡਾ, 18 ਜੁਲਾਈ : ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਭੀਖ ਮੰਗਣ ਵਾਲੇ ਬੱਚਿਆਂ ਦਾ ਡੀਐਨਏ ਟੈਸਟ ਕਰਨ ਦੇ ਐਲਾਨ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਜ਼ਿਲ੍ਹਾ ਬਾਲ ਭਲਾਈ ਕਮੇਟੀ ਅਤੇ ਜ਼ਿਲ੍ਹਾ ਟਾਸਕ ਫੋਰਸ ਨੇ ਸ਼ਹਿਰ ‘ਚ 24 ਅਜਿਹੇ ਲੋਕਾਂ ਦੀ ਪਛਾਣ ਕੀਤੀ ਹੈ, ਜੋ ਵੱਖ-ਵੱਖ ਥਾਵਾਂ ‘ਤੇ ਬੱਚਿਆਂ ਨੂੰ ਭੀਖ ਮੰਗਵਾਉਂਦੇ ਹਨ। ਜ਼ਿਲ੍ਹਾ ਬਾਲ ਭਲਾਈ ਦੇ ਪ੍ਰਧਾਨ ਬਿਕਰਮਜੀਤ ਸਿੰਘ, ਮੈਂਬਰ ਰਾਕੇਸ਼ ਕੁਮਾਰ, ਐਸਐਲ ਲਤਿਕਾ ਤੇ ਮੋਹਿਤ ਬਾਂਸਲ ਦੀ ਟੀਮ ਨੇ ਭੀਖ ਮੰਗਣ ਵਾਲੇ ਹਾਟ-ਸਪੌਟ ਇਲਾਕਿਆਂ ‘ਚ ਛਾਪੇ ਮਾਰੇ, ਜਿੱਥੋਂ ਉਨ੍ਹਾਂ 18 ਬੱਚਿਆਂ ਨੂੰ ਰੈਸਕਿਊ ਕੀਤਾ। ਇਸ ਦੌਰਾਨ 24 ਭਿਖਾਰੀਆਂ ਦੀ ਪਛਾਣ ਕੀਤੀ ਗਈ ਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਬਾਲ ਭਲਾਈ ਕਮੇਟੀ ਦੀ ਸ਼ਿਕਾਇਤ ਤੋਂ ਬਾਅਦ ਸਿਵਲ ਲਾਈਨ ਪੁਲਿਸ ਨੇ ਉਕਤ 24 ਭਿਖਾਰੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਬਾਲ ਭਲਾਈ ਕਮੇਟੀ ਦਫਤਰ ਬੱਚਿਆਂ ਦਾ ਡੀਐਨਏ ਟੈਸਟ ਕਰਵਾਏਗਾ। ਜੇਕਰ ਖ਼ੁਦ ਨੂੰ ਬੱਚਿਆਂ ਦੇ ਮਾਤਾ-ਪਿਤਾ ਦੱਸਣ ਵਾਲਿਆਂ ਦਾ ਡੀਐਨਏ ਮੈਚ ਨਾ ਹੋਇਆ ਤਾਂ ਉਨ੍ਹਾਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਾਲ ਭਲਾਈ ਕਮੇਟੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਇਆ ਦੇਵੀ, ਸਰਵਨ ਰਾਮ, ਆਰਤੀ, ਇਤਵਾਰੀ, ਭੀਮ ਕੁਮਾਰ ਨਿਵਾਸੀ ਧੋਬਿਆਨਾ ਬਸਤੀ ਬਠਿੰਡਾ, ਅਜੈ, ਧੀਰਗਰ ਨਿਵਾਸੀ ਦਾਨਾ ਮੰਡੀ , ਢਾਖੂ, ਧਿਰਕਾਰ, ਰਾਖੀਨੀ ਨਿਵਾਸੀ ਹਨੁਮਾਨ ਚੌਕ, ਹਰਬਚਨ, ਬਿਜਾਮਾਨ ਨਿਵਾਸੀ ਕੱਚਾ ਧੋਬਿਆਨਾ ਬਠਿੰਡਾ, ਮਨੋਜ ਕੁਮਾਰ, ਸੋਨੀ ਦੇਵੀ ਵਾਸੀ ਬੰਗੀ ਨਗਰ ਬਠਿੰਡਾ, ਮਦਨ ਸ਼ਾਹ, ਸੁਨੀਤਾ ਦੇਵੀ ਵਾਸੀ ਬੇਅੰਤ ਨਗਰ ਉੱਤੇ ਮੁਕਦਮਾ ਦਰਜ ਕੀਤਾ ਹੈ।



