
ਜਲੰਧਰ, 18 ਜੁਲਾਈ : ਥਾਣਾ ਬਾਰਾਦਰੀ ਅਧੀਨ ਆਉਂਦੇ ਕੋਰਟ ਕੰਪਲੈਕਸ ਦੇ ਪਾਰਕਿੰਗ ’ਚੋਂ ਮੋਟਰਸਾਈਕਲ ਚੋਰੀ ਕਰ ਕੇ ਵੇਚਣ ਲਈ ਗਾਹਕ ਦੀ ਉਡੀਕ ਕਰ ਰਹੇ ਚੋਰਾਂ ਦੀ ਸੂਚਨਾ ਲੋਕਾਂ ਨੇ ਪੁਲਿਸ ਨੂੰ ਦਿੱਤੀ। ਪੁਲਿਸ ਨੇ ਦੋ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਰਾਹੁਲ ਤੇ ਸੌਰਵ ਵਜੋਂ ਹੋਈ ਹੈ, ਜੋ ਕਿ ਰੇਰੂ ਪਿੰਡ ਦੇ ਰਹਿਣ ਵਾਲੇ ਹਨ। ਪੁਲਿਸ ਨੇ ਦੋਵਾਂ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ’ਚ ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮਾਂ ਨੇ ਚੋਰੀ ਕੀਤੀ ਮੋਟਰਸਾਈਕਲ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਸ਼ੁਭਮ ਗਿਰੀ ਨੂੰ ਵੇਚੀ ਸੀ। ਪੁਲਿਸ ਨੇ ਉਸਨੂੰ ਮਾਮਲੇ ’ਚ ਨਾਮਜ਼ਦ ਕੀਤਾ ਹੈ। ਦੋਵੇਂ ਮੁਲਜ਼ਮ ਬੇਰੁਜ਼ਗਾਰ ਹਨ ਤੇ ਕੰਮ ਦੀ ਘਾਟ ਕਾਰਨ ਮਾੜੀ ਸੰਗਤ ਦਾ ਸ਼ਿਕਾਰ ਹੋ ਗਏ ਸਨ, ਜਿਸ ਕਾਰਨ ਉਹ ਚੋਰੀਆਂ ਕਰਨ ਲੱਗ ਪਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਬਾਰਾਂਦਰੀ ਥਾਣੇ ਦੇ ਜਾਂਚ ਅਧਿਕਾਰੀ ਏਐੱਸਆਈ ਬਲਵਿੰਦਰ ਸਿੰਘ ਪੁਲਿਸ ਟੀਮ ਨਾਲ ਗਸ਼ਤ ਦੌਰਾਨ ਬਾਰਾਂਦਰੀ ਇਲਾਕੇ ’ਚ ਮੌਜੂਦ ਸਨ, ਜਿੱਥੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਦਾਲਤ ਕੰਪਲੈਕਸ ਦੇ ਬਾਹਰ ਪਾਰਕਿੰਗ ’ਚੋਂ ਬਾਈਕ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਕੋਰਟ ਕੰਪਲੈਕਸ ਦੇ ਨੇੜੇ ਮੌਜੂਦ ਹਨ, ਜਿੱਥੇ ਉਹ ਟੀਮ ਸਮੇਤ ਮੌਕੇ ਤੇ ਪਹੁੰਚੇ ਤੇ ਦੋਵਾਂ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਲਿਆ। ਪੁਲਿਸ ਨੇ ਦੋਵਾਂ ਨੌਜਵਾਨਾਂ ਵਿਰੁੱਧ ਚੋਰੀ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ’ਚ ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮ ਨੇ ਪਹਿਲਾਂ ਚੋਰੀ ਕੀਤੀ ਬਾਈਕ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਸ਼ੁਭਮ ਗਿਰੀ ਨੂੰ ਵੇਚੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ’ਚ ਨਾਮਜ਼ਦ ਉਸਦੀ ਭਾਲ ਸ਼ੁਰੂ ਕਰ ਦਿੱਤੀ ਪਰ ਉਹ ਫਰਾਰ ਹੈ। ਰਿਮਾਂਡ ਦੌਰਾਨ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸਨੇ ਪਹਿਲਾਂ ਕਿੱਥੇ-ਕਿੱਥੇ ਅਪਰਾਧ ਕੀਤੇ ਹਨ, ਤਾਂ ਜੋ ਬਕਾਇਆ ਮਾਮਲਿਆਂ ਨੂੰ ਹੱਲ ਕੀਤਾ ਜਾ ਸਕੇ।



