
ਨਾਭਾ, 17 ਜੁਲਾਈ : ਸਖ਼ਤ ਸੁਰੱਖਿਆ ਜੇਲ੍ਹ ਦੇ ਪਿਛਲੇ ਪਾਸਿਓਂ ਬੀੜ ਵੱਲ ਨੂੰ ਜਾਂਦੇ ਰਸਤੇ ਤੋਂ ਮਿੱਟੀ ਵਿੱਚ ਦੱਬੇ ਹੋਏ 478 ਕਾਰਤੂਸ ਬਰਾਮਦ ਹੋਏ ਹਨ। ਬੱਕਰੀਆਂ ਚਰਾਉਣ ਵਾਲੇ ਵਿਅਕਤੀ ਵੱਲੋਂ ਦਿੱਤੀ ਸੂਚਨਾ ’ਤੇ ਕੋਤਵਾਲੀ ਪੁਲਿਸ ਨੇ ਇਹ ਕਾਰਤੂਸ ਬਰਾਮਦ ਕੀਤੇ ਹਨ। ਬੱਕਰੀਆਂ ਚਾਰਨ ਵਾਲੇ ਨੂੰ ਕੁਝ ਖੋਲ ਕਾਰਤੁਸਾਂ ਦੇ ਮਿਲੇ ਸਨ। ਜਿਸ ਉਪਰੰਤ ਪੁਲਿਸ ਵੱਲੋਂ ਖਾਲੀ ਖੋਲਾਂ ਵਾਲੀ ਥਾਂ ਤੇ ਪੁਟਾਈ ਕਰਾਈ ਗਈ ਤਾਂ ਇਹ ਕਾਰਤੂਸ ਜ਼ਮੀਨ ਵਿੱਚ ਦੱਬੇ ਹੋਏ ਬਰਾਮਦ ਹੋਏ। ਥਾਣਾ ਇੰਚਾਰਜ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਜ਼ਮੀਨ ਦੇ ਅੰਦਰੋਂ ਇੱਕ ਚਿੱਟੇ ਬੈਗ ਵਿੱਚ ਕਾਰਤੂਸ ਰੱਖੇ ਹੋਏ ਸਨ । ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਕਾਰਤੂਸ ਜਾਂਚ ਲਈ ਲੈਬ ਵਿੱਚ ਭੇਜੇ ਜਾਣਗੇ । ਲੈਬ ਵਿੱਚ ਪਤਾ ਲੱਗੇਗਾ ਕੀ ਇਹ ਕਿਸ ਬੰਦੂਕ, ਏਕੇ 47 ਜਾਂ ਹੋਰ ਕਿਸ ਬੰਦੂਕ ਦੇ ਕਾਰਤੂਸ ਹਨ।



