
ਦਿੜ੍ਹਬਾ, 17 ਜੁਲਾਈ : ਦਿੜ੍ਹਬਾ ਵਿਖੇ ਲਿੰਕ ਰੋਡ ਬਾਜ਼ਾਰ ਉੱਤੇ ਸਥਿਤ ਰੈਡੀਮੇਡ ਕੱਪੜੇ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਇਹ ਘਟਨਾ ਸਵੇਰੇ 6 ਕੁ ਵਜੇ ਦੀ ਹੈ, ਜਦੋਂ ਗੁਆਂਢੀ ਦੁਕਾਨਦਾਰਾਂ ਨੂੰ ਪਤਾ ਲੱਗ ਗਿਆ ਕਿ ਦੁਕਾਨ ਵਿੱਚੋਂ ਧੂਆਂ ਨਿਕਲ ਰਿਹਾ ਹੈ ਤਾਂ ਤੁਰੰਤ ਉਸ ਨੇ ਦੁਕਾਨ ਦੇ ਮਾਲਕ ਨੂੰ ਸੂਚਿਤ ਕੀਤਾ। ਇਸ ਸਭ ਵੇਖ ਕੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਸਨਾਮ ਅਤੇ ਸੰਗਰੂਰ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗੋਂ ‘ਤੇ ਕਾਬੂ ਪਾਇਆ। ਕਾਂਸਲ ਗਾਰਮੈਂਟ ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਨੂੰ ਅੱਗ ਲੱਗਣ ਬਾਰੇ ਗੁਆਂਢ ਦੇ ਲੋਕਾਂ ਤੋਂ ਫੋਨ ਆਏ ਸਨ, ਉਹ ਤੁਰੰਤ ਹੀ ਤਿਆਰ ਹੋ ਕੇ ਆਇਆ ਅਤੇ ਦੇਖਿਆ ਕਿ ਉਸ ਦੀ ਦੁਕਾਨ ਦੇ ਅੰਦਰੋਂ ਧੂਆਂ ਨਿਕਲ ਰਿਹਾ ਸੀ। ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਫੋਨ ਕੀਤਾ ਗਿਆ ਅਤੇ ਅੱਧੇ ਘੰਟੇ ਬਾਅਦ ਸੰਗਰੂਰ ਤੇ ਸੁਨਾਮ ਦੀਆਂ ਵਾਹਿਗੁਰੂ ਗੇਟ ਦੀਆਂ ਗੱਡੀਆਂ ਪਹੁੰਚ ਗਈਆਂ ਅਤੇ ਲੋਕਾਂ ਨੇ ਵੀ ਮਿਲ ਕੇ ਸਾਰਿਆਂ ਦੇ ਸਹਿਯੋਗ ਨਾਲ ਅੱਗ ਉੱਤੇ ਕਾਬੂ ਪਾਇਆ, ਖਾਸ ਕਰਕੇ ਡੇਰਾ ਪ੍ਰੇਮੀਆਂ ਨੇ ਅੱਗ ਉੱਤੇ ਕਾਬੂ ਪਾਉਣ ਲਈ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਅੱਗ ਦੇ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਪਰ ਫਿਰ ਵੀ ਉਸ ਦਾ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਸ ਨੂੰ ਮੁਆਵਜ਼ਾ ਦੇਵੇ ਤਾਂ ਕਿ ਉਹ ਦੁਬਾਰਾ ਆਪਣੇ ਪੈਰਾਂ ‘ਤੇ ਖੜਾ ਹੋ ਸਕੇ।



