
ਅੰਮ੍ਰਿਤਸਰ, 16 ਜੁਲਾਈ : ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਰੱਖ ਰਖਾਅ ਸਬੰਧੀ ਕੀਤੀ ਗਈ ਕਾਰਗੁਜਾਰੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਮੁੱਖ ਸੜਕਾਂ ਦੇ ਆਲੇ ਦੁਆਲੇ ਖਾਲੀ ਪਲਾਟਾਂ ਵਿਚ ਪਏ ਕੂੜਾ ਕਰਕਟ/ਮਲਬਾ ਆਦਿ ਲਈ 649 ਚਲਾਨ ਜਾਰੀ ਕੀਤੇ ਗਏ ਹਨ ਅਤੇ ਨੋਟਿਸ ਵੀ ਦੇ ਦਿੱਤੇ ਗਏ ਹਨ ਅਤੇ ਇਸ ਸਬੰਧ ਵਿਚ ਵਿਭਾਗ ਵੱਲੋਂ ਇਹ ਕੂੜਾ ਕਰਕਟ ਅਤੇ ਮਲਬਾ ਆਪਣੇ ਪੱਧਰ ਤੇ ਚੁੱਕਿਆ ਜਾ ਰਿਹਾ ਹੈ ਅਤੇ ਇਸ ’ਤੇ ਆਉਣ ਵਾਲੇ ਖਰਚੇ ਦੀ ਭਰਪਾਈ ਲਈ ਪਲਾਟ ਮਾਲਕਾਂ ਨੂੰ ਜਲਦ ਹੀ ਬਿੱਲ ਜਾਰੀ ਕੀਤੇ ਜਾਣਗੇ। ਮੀਟਿੰਗ ਵਿਚ ਸੜਕਾਂ ’ਤੇ ਹੋਏ ਨਜਾਇਜ ਕਬਜੇ, ਸੀਵਰੇਜ ਦੀ ਡਿਸਿਲਟਿੰਗ ਅਤੇ ਪੈਚ ਵਰਕ ਨੂੰ ਲੈ ਕੇ ਵੀ ਵਿਚਾਰ ਕੀਤਾ ਗਿਆ ਅਤੇ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਇਕ ਹਫਤੇ ਦੇ ਅੰਦਰ ਆਪਣੀ ਕਾਰਗੁਜਾਰੀ ਦੀ ਰਿਪੋਰਟ ਦੇਣ ਦੀ ਹਦਾਇਤ ਕੀਤੀ ਗਈ। ਇਸ ਮੀਟਿੰਗ ਵਿਚ ਸੰਯੁਕਤ ਕਮਿਸ਼ਨਰ ਜੈ ਇੰਦਰ ਸਿੰਘ, ਨਿਗਰਾਨ ਇੰਜੀਨੀਅਰ ਸੰਦੀਪ ਸਿੰਘ, ਕਾਰਜਕਾਰੀ ਇੰਜੀਨੀਅਰ ਭਲੰਦਿਰ ਸਿੰਘ, ਮਨਜੀਤ ਸਿੰਘ, ਐਸ.ਪੀ ਸਿੰਘ, ਸਵਰਾਜ ਇੰਦਰ ਸਿੰਘ, ਸਿਹਤ ਅਫਸਰ ਡਾ. ਕਿਰਨ, ਡਾ. ਯੋਗੇਸ਼ ਅਰੋੜਾ, ਡਾ. ਰਮਾ, ਅਸਟੇਟ ਅਫਸਰ ਧਰਮਿੰਦਰ ਜੀਤ ਸਿੰਘ ਤੋਂ ਇਲਾਵਾ ਪੀਡਬਲਯੂਡੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਿਲ ਸਨ। ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਦੇ ਰੱਖ ਰਖਾਅ ਲਈ ਚੱਲ ਰਹੇ ਕਾਰਜਾਂ ਨੂੰ ਉਹ ਆਪ ਖੁਦ ਵਾਚ ਰਹੇ ਹਨ ਜਿਸ ਲਈ ਨਿਗਮ ਅਧਿਕਾਰੀਆਂ ਦੀਆਂ ਵੱਖ-ਵੱਖ ਸੜਕਾਂ ਦੇ ਵਿਕਾਸ ਲਈ ਡਿਊਟੀਆਂ ਲਗੀਆਂ ਹੋਈਆਂ ਹਨ ਅਤੇ ਉਹ ਇਸ ਸਬੰਧੀ ਪ੍ਰਗਤੀ ਰਿਪੋਰਟ ਜਾਣਨ ਲਈ ਹਫਤਾਵਾਰ ਮੀਟਿੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਹਨ ਕਿ ਉਹ ਹਰ ਸੜਕ ਦਾ ਨਿੱਜੀ ਨਰੀਖਣ ਕਰਕੇ ਜਿੱਥੇ ਵੀ ਸਿਵਲ ਦਾ ਜਾਂ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਕੰਮ ਹੋਣ ਵਾਲਾ ਹੈ ਜਾਂ ਜਿੱਥੇ ਸੜਕਾਂ ਤੇ ਟੋਏ ਆਦਿ ਪਏ ਹਨ ਉਨ੍ਹਾਂ ਦੀ ਜਲਦ ਤੋਂ ਜਲਦ ਮੁਰੰਮਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਜਿੱਥੇ ਵੀ ਮਲਬੇ ਦੇ ਢੇਰ ਹਨ, ਉਨ੍ਹਾਂ ਨੂੰ ਸਾਫ ਕੀਤਾ ਜਾਵੇ। ਇਸ ਤੋਂ ਇਲਾਵਾ ਅਸਟੇਟ ਅਫਸਰ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਟ੍ਰੈਫਿਕ ਪੁਲਿਸ ਦੀ ਮਦਦ ਨਾਲ ਐਂਟੀ ਐਨਕਰੋਚਮੈਂਟ ਡਰਾਈਵ ਚਲਾਈ ਜਾਵੇ ਅਤੇ ਇਕ ਹਫਤੇ ਦੇ ਅੰਦਰ ਮੁੱਖ ਸੜਕਾਂ ਨੂੰ ਕਬਜਾਮੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੋ ਸੜਕਾਂ ਪੀਡਬਲਯੂਡੀ ਵਿਭਾਗ ਅਧੀਨ ਆਉਂਦੀਆਂ ਹਨ, ਉਨ੍ਹਾਂ ਦੇ ਵਿਕਾਸ ਲਈ ਵੀ ਉਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ। ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਵਿਭਾਗ ਵੱਲੋਂ ਕੰਮਾਂ ਦੀ ਮੰਜੂਰੀ ਆਉਣ ਤੇ ਇਹ ਕੰਮ ਕਰਵਾ ਦਿੱਤੇ ਜਾਣਗੇ। ਸੀਵਰੇਜ ਦੀ ਨਿਕਾਸੀ ਦੇ ਸਬੰਧ ਵਿਚ ਸੁਪਰ ਸੱਕਰ ਮਸ਼ੀਨ ਰਾਹੀਂ ਜੋ ਕੰਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਿਹਾ ਹੈ ਦੇ ਸਬੰਧ ਵਿੱਚ ਸੰਯੁਕਤ ਕਮਿਸ਼ਨਰ ਦੀ ਡਿਊਟੀ ਲਗਾ ਦਿੱਤੀ ਗਈ ਹੈ ਕਿ ਉਹ ਇਹ ਕੰਮ ਆਪਣੀ ਨਿਗਰਾਨੀ ਵਿੱਚ ਜਲਦ ਤੋਂ ਜਲਦ ਮੁਕੰਮਲ ਕਰਵਾਉਣਗੇ।



