ਤੇਜਾ ਸਿੰਘ ਸੁਤੰਤਰ: ਪਾਰਲੀਮੈਂਟ ’ਚ ਭਾਸ਼ਣ ਦਿੰਦਿਆਂ ਤੋੜਿਆ ਦਮ, ਝੋਲੇ ਚੋਂ ਨਿਕਲੀਆਂ ਸੀ 2 ਸੁੱਕੀਆਂ ਰੋਟੀਆਂ ਤੇ ਅਚਾਰ

ਗੁਰਦਾਸਪੁਰ, 16 ਜੁਲਾਈ : ਅਜੋਕੀ ਪੀੜ੍ਹੀ ਚੋਂ ਸ਼ਾਇਦ ਹੀ ਕੋਈ ਜਾਣਦਾ ਹੋਵੇਗਾ ਕਿ ਅੱਜ ਦੇ ਦਿਨ 16 ਜੁਲਾਈ 1901 ਨੂੰ ਗੁਰਦਾਸਪੁਰ ਦੀ ਧਰਤੀ ਨੇ ਇਕ ਅਜਿਹੇ ਮਹਾਨ ਸਪੂਤ ਨੂੰ ਜਨਮ ਦਿੱਤਾ, ਜਿਸ ਨੇ ਅਪਣੇ ਜੀਵਨ ਕਾਲ ਦੌਰਾਨ ਪਹਿਲਾਂ ਬ੍ਰਿਟਿਸ਼ ਹਕੂਮਤ ਨੂੰ ਚਨੇ ਚਬਾਏ ਸਗੋਂ ਵੰਡ ਵੇਲੇ ਫਿਰਕੂ ਦੰਗਿਆਂ ਨਾਲ਼ ਜੂਝਿਆ ਅਤੇ ਆਜ਼ਾਦੀ ਉਪਰੰਤ ਪੈਪਸੂ ਮੁਜਾਰਾ ਜ਼ਮੀਨੀ ਸੰਘਰਸ਼ ਤਹਿਤ ਜਗੀਰਦਾਰਾਂ ਵਿਰੁੱਧ ਇਨਕਲਾਬੀ ਘੋਲ ਲੜੇ। ਉਨ੍ਹਾਂ ਨੇ ਜਗੀਰਦਾਰਾਂ ਦੇ ਕਬਜ਼ੇ ਹੇਠਲੀਆਂ ਜ਼ਮੀਨਾਂ ਖੋਹ ਕੇ ਹਜ਼ਾਰਾਂ ਬੇਜ਼ਮੀਨੇ ਲੋਕਾਂ ਨੂੰ ਵੰਡੀਆਂ। ਦੇਸ਼ ਦੇ ਇਸ ਮਹਾਨ ਇਨਕਲਾਬੀ ਦਾ ਨਾਂ ਤੇਜਾ ਸਿੰਘ ਸੁਤੰਤਰ ਦੇ ਨਾਲ਼ ਪ੍ਰਸਿੱਧ ਹੋਇਆ ਅਤੇ ਇਤਿਹਾਸ ਦੇ ਪੰਨਿਆਂ ’ਚ ਇਹ ਨਾਮ ਅਤੇ ਇਨ੍ਹਾਂ ਵਲੋਂ ਦੇਸ਼ ਹਿੱਤ ਵਿੱਚ ਕੀਤੇ ਕਾਰਜ ਸੁਨਹਿਰੀ ਅੱਖਰਾਂ ਵਿਚ ਦਰਜ ਹੋ ਗਏ। ਗੁਰਦਾਸਪੁਰ ਤੋਂ ਸਿਰਫ਼ 10 ਕਿਲੋਮੀਟਰ ਦੂਰ ਪਿੰਡ ਆਲੂਣਾ ’ਚ 1901 ਨੂੰ ਸਮੁੰਦ ਸਿੰਘ ਦਾ ਜਨਮ ਹੋਇਆ। ਇਹ ਸਮੁੰਦ ਸਿੰਘ ਉਦੋਂ ਤੇਜਾ ਸਿੰਘ ਬਣ ਗਿਆ ਜਦੋਂ ਉਸ ਨੇ ਵੀਲਾ ਤੇਜਾ ਗੁਰਦੁਆਰਾ ਸਾਹਿਬ ਨੂੰ ਬ੍ਰਿਟਿਸ਼ ਸਮਰਥਨ ਵਾਲੇ ਮਹੰਤਾਂ ਤੋਂ ਮੁਕਤ ਕਰਵਾਇਆ। ਇਸ ਪਿੱਛੋਂ ਤੇਜਾ ਸਿੰਘ ਦੇ ਨਾਂ ਨਾਲ਼ ‘ਸੁਤੰਤਰ’ ਉਦੋਂ ਜੁੜ ਗਿਆ ਜਦੋਂ ਉਸ ਨੇ ਸੁਤੰਤਰ ਜੱਥੇ ਦੀ ਅਗਵਾਈ ਕੀਤੀ। ਤੇਜਾ ਸਿੰਘ ਦੀ ਇੱਕਲੌਤੀ 12 ਸਾਲ ਦੀ ਬੇਟੀ ਦੀ ਉਨ੍ਹਾਂ ਸਮਿਆਂ ’ਚ ਦਰਦਨਾਕ ਮੌਤ ਹੋ ਗਈ ਸੀ ਜਦੋਂ ਉਹ ਭੂਮੀਗਤ ਹੋਏ ਸਨ। ਉਨ੍ਹਾਂ ਦੀ ਅਪਣੇ ਪਰਿਵਾਰ ’ਚ ਇਸ ਸਮੇਂ ਕੋਈ ਔਲਾਦ ਨਹੀਂ ਪਰ ਉਨ੍ਹਾਂ ਦੇ ਭਰਾ ਮੇਦਣ ਸਿੰਘ ਮੇਦਣ ਦਾ ਜਵਾਈ ਜਗਜੀਤ ਸਿੰਘ ਆਲੂਣਾ ਹੀ ਹੈ ਜੋ ਇਸ ਵੇਲੇ ਸੁਤੰਤਰ ਦੀ ਵਿਚਾਰਧਾਰਕ ਜੋਤ ਨੂੰ ਜਗਾਈ ਰੱਖਣ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਜਗਜੀਤ ਸਿੰਘ ਨੇ ਦੱਸਿਆ ਕਿ 1920 ਦੇ ਦਹਾਕੇ ਦੌਰਾਨ ਜਦੋਂ ਗਦਰ ਪਾਰਟੀ ਬ੍ਰਿਟਿਸ਼ ਸਰਕਾਰ ਨੂੰ ਉਖਾੜਨ ਦੀ ਦੂਜੀ ਕੋਸ਼ਿਸ਼ ਦੀ ਤਿਆਰੀ ਕਰ ਰਹੀ ਸੀ, ਤਾਂ ਤੇਜਾ ਸਿੰਘ ਇਨਕਲਾਬੀ ਗਤੀਵਿਧੀਆਂ ’ਚ ਸਰਗਰਮੀ ਨਾਲ ਸ਼ਾਮਲ ਹੋ ਗਏ। ਸੁਤੰਤਰ ਨੂੰ 1924 ’ਚ ਤੁਰਕੀ ਭੇਜਿਆ ਗਿਆ ਸੀ, ਜਿੱਥੇ ਉਹ ਫੌਜੀ ਗਿਆਨ ਪ੍ਰਾਪਤ ਕਰਨ ਲਈ ਤੁਰਕੀ ਫੌਜੀ ਅਕੈਡਮੀ ’ਚ ਸ਼ਾਮਲ ਹੋਏ। ਕਈ ਵਾਰ ਕਦੇ ਜੇਲ੍ਹ ’ਚ ਅਤੇ ਕਦੇ ਬਾਹਰ ਹੁੰਦੇ ਰਹੇ। ਸੁਤੰਤਰ 1940 ਦੇ ਦਹਾਕੇ ਦੇ ਸ਼ੁਰੂ ’ਚ ਬ੍ਰਿਟਿਸ਼ ਪ੍ਰਸ਼ਾਸਨ ਵੱਲੋਂ ਦਿਓਲੀ ਹਿਰਾਸਤ ਕੇਂਦਰ ’ਚ ਕੈਦ ਕੀਤੇ ਗਏ ਚੋਟੀ ਦੇ ਰਾਸ਼ਟਰੀ ਕਮਿਊਨਿਸਟ ਨੇਤਾਵਾਂ ’ਚੋਂ ਇੱਕ ਸੀ। ਤੇਜਾ ਸਿੰਘ ਸੁਤੰਤਰ ਨੇ 1919 ਜਲ੍ਹਿਆਂਵਾਲਾ ਬਾਗ ਦੇ ਨਾਇਕ ਡਾ. ਸੈਫੂਦੀਨ ਕਿਚਲੂ ਅਤੇ ਵੰਡ ਦੌਰਾਨ ਸੈਂਕੜੇ ਮੁਸਲਮਾਨਾਂ ਨੂੰ ਫਿਰਕੂ ਦੰਗਾਕਾਰੀਆਂ ਤੋਂ ਵੀ ਬਚਾਇਆ ਸੀ। ਇਤਿਹਾਸਕ ਹਵਾਲਿਆਂ ਅਨੁਸਾਰ ਸੀਪੀਆਈ ਦੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਲਿਖਿਆ ਹੈ ਕਿ ਤੇਜਾ ਸਿੰਘ ਸੁਤੰਤਰ ਨੇ ਪਟਿਆਲਾ ਰਾਜ ਦੁਆਰਾ ਸਮਰਥਤ ਜਾਗੀਰੂਆਂ ਤੋਂ 16 ਲੱਖ ਏਕੜ ਜ਼ਮੀਨ ਖੋਹ ਲਈ ਅਤੇ ਇਸ ਨੂੰ ਮਾਲਵਾ ਖੇਤਰ ਦੇ 784 ਪਿੰਡਾਂ ਦੇ ਬੇਜ਼ਮੀਨੇ ਲੋਕਾਂ ’ਚ ਵੰਡ ਦਿੱਤਾ। ਏਹੋ ਕਾਰਨ ਸੀ ਕਿ ਉਨ੍ਹਾਂ ਸੰਗਰੂਰ ਤੋਂ ਨਾ ਹੋਣ ਦੇ ਬਾਵਜੂਦ ਵੀ 1971 ’ਚ ਇਸ ਸੀਟ ਤੋਂ ਲੋਕ ਸਭਾ ਚੋਣ ਲੜੀ ਤੇ ਇਸ ਖੇਤਰ ਦੇ ਲੋਕਾਂ ਲਈ ਆਪਣੀਆਂ ਸੇਵਾਵਾਂ ਕਾਰਨ ਜਿੱਤ ਹਾਸਿਲ ਕੀਤੀ। ਉਹ ਸੀਪੀਆਈ ਉਮੀਦਵਾਰ ਵਜੋਂ ਸੰਗਰੂਰ ਹਲਕੇ ਤੋਂ 5ਵੀਂ ਲੋਕ ਸਭਾ ਦੇ ਮੈਂਬਰ ਚੁਣੇ ਗਏ। ਇਸ ਤੋਂ ਪਹਿਲਾਂ ਉਹ 1937 ਤੋਂ 1945 ਤਕ ਪੰਜਾਬ ਵਿਧਾਨ ਸਭਾ ਦੇ ਮੈਂਬਰ ਤੇ 1964 ਤੋਂ 1969 ਤੱਕ ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਰਹੇ। ਤੇਜਾ ਸਿੰਘ ਸੁਤੰਤਰ ਦੇ ਜੀਵਨਕਾਲ ਨਾਲ਼ ਜੁੜਿਆ ਇਕ ਅਜਿਹਾ ਪ੍ਰਸੰਗ ਮਿਲਦਾ ਹੈ ਜਿਸ ਵਰਗੀ ਮਿਸਾਲ ਸ਼ਾਇਦ ਦੇਸ਼ ਵਿਚ ਹੋਰ ਕਿਤੇ ਨਹੀਂ ਮਿਲਦੀ। 12 ਅਪ੍ਰੈਲ 1973 ਨੂੰ ਜਦੋਂ ਦੇਸ਼ ਦੀ ਪਾਰਲੀਮੈਂਟ ’ਚ ਕਿਸਾਨਾਂ ਦੇ ਮੁੱਦੇ ’ਤੇ ਬੋਲ ਰਹੇ ਸਨ ਤਾਂ ਅਚਾਨਕ ਉਨ੍ਹਾਂ ਉਥੇ ਹੀ ਪ੍ਰਾਣ ਤਿਆਗ ਦਿੱਤੇ। ਉਨ੍ਹਾਂ ਨੇ ਸੰਸਦ ’ਚ ਆਪਣੇ ਮੋਢੇ ’ਤੇ ਝੋਲਾ ਲਟਕਾਇਆ ਹੋਇਆ ਸੀ। ਉਨ੍ਹਾਂ ਦੀ ਮੌਤ ਬਾਅਦ ਜਦੋਂ ਇਹ ਝੋਲਾ ਖੋਲ੍ਹਿਆ ਗਿਆ ਤਾਂ ਇਸ ’ਚੋਂ ਦੋ ਸੁਕੀਆਂ ਰੋਟੀਆ ਤੇ ਅਚਾਰ ਦਾ ਇਕ ਟੁਕੜਾ ਮਿਲਿਆ।



