
ਲੁਧਿਆਣਾ, 16 ਜੁਲਾਈ : ਪੰਜਾਬ ’ਚ ਮੌਨਸੂਨ ਲਗਾਤਾਰ ਵਰ੍ਹ ਰਿਹਾ ਹੈ। ਮੰਗਲਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਜ਼ਬਰਦਸਤ ਬਾਰਿਸ਼ ਹੋਈ। ਬਠਿੰਡਾ ’ਚ ਕੁਝ ਹੀ ਘੰਟਿਆਂ ਦੌਰਾਨ 112.6 ਮਿਲੀਮੀਟਰ ਬਾਰਿਸ਼ ਹੋਈ। ਸਭ ਤੋਂ ਘੱਟ ਬਾਰਿਸ਼ ਫ਼ਾਜ਼ਿਲਕਾ ’ਚ 9.5 ਮਿਲੀਮੀਟਰ ਦਰਜ ਕੀਤੀ ਗਈ। ਹਾਲਾਂਕਿ ਲਾਗਾਤਾਰ ਬਾਰਿਸ਼ ਨਾਲ ਵੱਧ ਤੋਂ ਵੱਧ ਤਾਪਮਾਨ ’ਚ ਵੀ ਗਿਰਾਵਟ ਦਰਜ ਕੀਤੀ ਗਈ। ਜ਼ਿਆਦਾਤਰ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ 32 ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਤੇ ਵੀਰਵਾਰ ਨੂੰ ਚੰਡੀਗੜ੍ਹ, ਬਠਿੰਡਾ, ਲੁਧਿਆਣਾ, ਹੁਸ਼ਿਆਰਪੁਰ, ਰੂਪਨਗਰ, ਫ਼ਰੀਦਕੋਟ, ਫ਼ਿਰੋਜ਼ਪੁਰ, ਮੋਗਾ, ਪਟਿਆਲਾ ਤੇ ਫ਼ਤਹਿਗ਼ੜ੍ਹ ਸਾਹਿਬ ’ਚ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਬਾਰੇ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ।



