
ਕੋਟ ਈਸੇ ਖਾਂ, 13 ਜੁਲਾਈ : ਇਥੋਂ ਕੋਈ ਅੱਧਾ ਕੁ ਕਿਲੋਮੀਟਰ ’ਤੇ ਪੈਂਦੇ ਪਿੰਡ ਗਲੋਟੀ ਖੁਰਦ ਦਾ ਨੌਜਵਾਨ ਗੁਰਜੰਟ ਸਿੰਘ, ਜੋ ਅਮਰੀਕਾ ’ਚ ਆਪਣੇ ਚੰਗੇ ਭਵਿੱਖ ਲਈ ਕੁਝ ਸਾਲਾਂ ਤੋਂ ਗਿਆ ਸੀ, ਉਸ ਦੀ ਇਕ ਸੜਕ ਹਾਦਸੇ ’ਚ ਮੌਤ ਹੋ ਜਾਣ ਨਾਲ ਇਲਾਕੇ ਅੰਦਰ ਸੋਗ ਪਸਰ ਗਿਆ। ਮ੍ਰਿਤਕ ਨੌਜਵਾਨ ਵਿਰਸਾ ਸਿੰਘ ਦਾ ਪੁੱਤਰ ਤੇ ਕਾਂਗਰਸੀ ਆਗੂ ਗੁਰਮੁੱਖ ਸਿੰਘ ਦਾ ਭਰਾ ਸੀ ਤੇ ਉਸ ਦੀਆਂ ਤਿੰਨ ਭੈਣਾਂ ਹਨ। ਉਹ ਕੈਲੀਫੋਰਨੀਆ ਦੇ ਇਕ ਸ਼ਹਿਰ ’ਚ ਰਹਿ ਕੇ ਇਕ ਸਟੋਰ ’ਤੇ ਕੰਮ ਕਰਦਾ ਸੀ। ਸੜਕ ‘ਤੇ ਜਾਂਦੇ ਸਮੇਂ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ। ਮੌਤ ਦੀ ਖ਼ਬਰ ਸੁਣਦਿਆਂ ਨੌਜਵਾਨ ਦੇ ਘਰ ਸੰਨਾਟਾ ਛਾ ਗਿਆ। ਹਜ਼ਾਰਾਂ ਦੀ ਗਿਣਤੀ ’ਚ ਲੋਕ ਪਹੁੰਚਣੇ ਸ਼ੁਰੂ ਹੋ ਗਏ। ਗੁਰਜੰਟ ਸਿੰਘ ਦੀ ਦੇਹ ਪੰਜਾਬ ਪੁੱਜਣ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ।



