Punjab

ਘਰੇਲੂ ਗੈਸ ਸਿਲੰਡਰ ਫਟਿਆ, ਪਤੀ-ਪਤਨੀ ਬੁਰੀ ਤਰਾਂ ਝੁਲਸੇ

ਲੁਧਿਆਣਾ, 13 ਜੁਲਾਈ : ਲੁਧਿਆਣਾ ਮਹਾਨਗਰ ’ਚ ਘਰੇਲੂ ਗੈਸ ਸਲੰਡਰ ਲੀਕ ਹੋਣ ਮਗਰੋਂ ਧਮਾਕੇ ਨਾਲ ਫਟ ਗਿਆ, ਜਿਸ ਕਾਰਨ ਘਰ ’ਚ ਮੌਜੂਦ ਪਤੀ-ਪਤਨੀ ਝੁਲਸ ਗਏ। ਅੱਗ ਦੀ ਲਪੇਟ ’ਚ ਆ ਕੇ ਝੁਲਸੇ ਪਤੀ-ਪਤਨੀ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿੱਥੇ ਔਰਤ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ। ਫੱਟੜ ਹੋਈ ਔਰਤ ਦੀ ਪਛਾਣ ਰੀਤਾ ਤੇ ਉਸਦੇ ਪਤੀ ਵਿਕਾਸ ਕੁਮਾਰ ਦੇ ਰੂਪ ’ਚ ਹੋਈ ਹੈ। ਹਾਦਸੇ ’ਚ ਝੁਲਸੇ ਸਥਾਨਕ ਰਾਜੀਵ ਗਾਂਧੀ ਕਲੋਨੀ ਦੇ ਰਹਿਣ ਵਾਲੇ ਵਿਕਾਸ ਕੁਮਾਰ ਮੁਤਾਬਕ ਉਸ ਦੀ ਪਤਨੀ ਰੋਜ਼ ਦੀ ਤਰ੍ਹਾਂ ਸਵੇਰੇ ਨਾਸ਼ਤਾ ਤਿਆਰ ਕਰਨ ਲਈ ਰਸੋਈ ’ਚ ਗਈ ਸੀ। ਇਸ ਦੌਰਾਨ ਜਿਵੇਂ ਹੀ ਉਸ ਦੀ ਪਤਨੀ ਗੈਸ ਜਲਾਉਣ ਲੱਗੀ ਤਾਂ ਕਮਰੇ ’ਚ ਅੱਗ ਲੱਗ ਗਈ ਤੇ ਜ਼ੋਰਦਾਰ ਧਮਾਕਾ ਹੋਇਆ, ਜਿਸ ਵੇਲੇ ਧਮਾਕਾ ਹੋਇਆ ਉਸ ਮੌਕੇ ਵਿਕਾਸ ਰਸੋਈ ਦੇ ਨਾਲ ਹੀ ਕਮਰੇ ’ਚ ਮੌਜੂਦ ਸੀ ਤੇ ਦੋਨੋਂ ਅੱਗ ਦੀਆਂ ਲਪਟਾਂ ’ਚ ਘਿਰ ਕੇ ਬੁਰੀ ਤਰ੍ਹਾਂ ਝੁਲਸ ਗਏ। ਰਸੋਈ ’ਚ ਹੋਏ ਧਮਾਕੇ ਦੀ ਆਵਾਜ਼ ਸੁਣ ਕੇ ਆਂਢੀ-ਗੁਆਂਢੀ ਇਕੱਠੇ ਹੋਏ ਤੇ ਉਨਾਂ ਕਿਸੇ ਤਰ੍ਹਾਂ ਝੁਲਸੇ ਪਤੀ-ਪਤਨੀ ਨੂੰ ਬਾਹਰ ਕੱਢਿਆ। ਦੋਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਰੀਤੂ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਵਿਸਫੋਟ ਗੈਸ ਸਲੰਡਰ ਲੀਕ ਹੋਣ ਕਾਰਨ ਹੋਇਆ ਤੇ ਪਤੀ-ਪਤਨੀ ਨੂੰ ਅਚਾਨਕ ਲੱਗੀ ਅੱਗ ਕਾਰਨ ਬਚਣ ਦਾ ਮੌਕਾ ਵੀ ਨਹੀਂ ਮਿਲਿਆ। ਰਿਤੂ 60 ਫੀਸਦ ਤੋਂ ਜ਼ਿਆਦਾ ਤੇ ਵਿਕਾਸ ਕਰੀਬ 45 ਫੀਸਦੀ ਝੁਲਸ ਗਿਆ। ਬਹਿਰਹਾਲ ਇਲਾਕਾ ਵਾਸੀਆਂ ਤੋਂ ਜਾਣਕਾਰੀ ਇਕੱਠੀ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button