
ਅੰਮ੍ਰਿਤਸਰ, 14 ਦਸੰਬਰ : ਅੰਮ੍ਰਿਤਸਰ ‘ਚ ਬੀਤੇ 24 ਘੰਟਿਆਂ ‘ਚ ਗੋਲੀਬਾਰੀ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਸਵੇਰੇ 11 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਗੁਰੂ ਨਾਨਕ ਪੁਰਾ ਇਲਾਕੇ ਦੀ 11 ਨੰਬਰ ਗਲੀ ‘ਚ ਦੋ ਗੋਲੀਆਂ ਚੱਲੀਆਂ, ਜਿਸ ਵਿਚ ਇੱਕ ਔਰਤ ਸਮੇਤ ਦੋ ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਸੀਸੀਟੀਵੀ ‘ਚ ਮੁਲਜ਼ਮ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਜਾਂਚ ਤੇਜ਼ ਕਰ ਦਿੱਤੀ ਹੈ। ਏਸੀਪੀ ਜਸਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਗੋਲ਼ੀਬਾਰੀ ਦੀ ਘਟਨਾ ਗੁਰੂ ਨਾਨਕ ਪੁਰਾ ਗਲੀ ਨੰਬਰ 11 ‘ਚ ਵਾਪਰੀ। ਤਕਰੀਬਨ 11 ਵਜੇ ਪੁਲਿਸ ਨੂੰ ਗੋਲੀਬਾਰੀ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਟੀਮਾਂ ਮੌਕੇ ਲਈ ਰਵਾਨਾ ਹੋ ਗਈਆਂ। ਬਿਆਨਾਂ ਦੇ ਆਧਾਰ ‘ਤੇ ਜਾਣਕਾਰੀ ਮਿਲੀ ਕਿ 11 ਨੰਬਰ ਗਲੀ ‘ਚ ਰਹਿਣ ਵਾਲਾ ਬੱਲੂ ਬਾਜ਼ਾਰ ਸਿਰ ‘ਤੇ ਲਗਾਉਣ ਵਾਲਾ ਰੰਗ ਲੈਣ ਗਿਆ ਸੀ। ਵਾਪਸੀ ‘ਤੇ ਉਹ ਆਪਣੀ ਗਲੀ ਵਿੱਚ ਪਹੁੰਚਿਆ ਹੀ ਸੀ ਕਿ ਪਿੱਛੋਂ ਇੱਕ ਵਿਅਕਤੀ ਐਕਟਿਵਾ ‘ਤੇ ਆਇਆ ਅਤੇ ਉਸ ਨਾਲ ਟਕਰਾ ਗਿਆ।
ਐਕਟਿਵਾ ਸਵਾਰ ਨੇ ਹੱਥ ਵਿੱਚ ਫੜੀ ਹੋਈ ਸੀ ਪਿਸਤੌਲ
ਏਸੀਪੀ ਜਸਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਅਣਪਛਾਤੇ ਐਕਟਿਵਾ ਸਵਾਰ ਨੇ ਆਪਣੇ ਹੱਥ ਵਿੱਚ ਪਹਿਲਾਂ ਤੋਂ ਹੀ ਪਿਸਤੌਲ ਫੜੀ ਹੋਈ ਸੀ। ਬਹਿਸ ਤੇਜ਼ ਹੋਈ ਤਾਂ ਮੁਲਜ਼ਮ ਨੇ ਸਿੱਧਾ ਬੱਲੂ ‘ਤੇ ਗੋਲ਼ੀ ਚਲਾ ਦਿੱਤੀ, ਜੋ ਉਸ ਦੀ ਛਾਤੀ ‘ਤੇ ਜਾ ਲੱਗੀ। ਫਾਇਰਿੰਗ ਕਰਕੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।
ਰਾਹਗੀਰ ਔਰਤ ਵੀ ਹੋਈ ਗੋਲੀ ਦਾ ਸ਼ਿਕਾਰ
ਇਸੇ ਦੌਰਾਨ ਘਟਨਾਸਥਾਨ ਤੋਂ ਲੰਘ ਰਹੀ ਇੱਕ ਔਰਤ ਵੀ ਜ਼ਖ਼ਮੀ ਹੋ ਗਈ। ਗੋਲੀ ਉਸ ਔਰਤ ਨੂੰ ਵੀ ਲੱਗੀ ਜਿਸ ਤੋਂ ਬਾਅਦ ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਏਸੀਪੀ ਜਸਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਨੇ ਦੋ ਫਾਇਰ ਕੀਤੇ ਜਾਂ ਇੱਕ, ਇਸ ਦੀ ਜਾਂਚ ਜਾਰੀ ਹੈ। ਜਦਕਿ ਸੀਸੀਟੀਵੀ ਦੇ ਆਧਾਰ ‘ਤੇ ਮੁਲਜ਼ਮ ਦੀ ਪਛਾਣ ਕੀਤੀ ਜਾ ਰਹੀ ਹੈ।



