
ਬੇਲਾ, 12 ਜੁਲਾਈ : ਦੇਸ਼ ਦੇ ਪਰਲਜ਼ ਗਰੁੱਪ ਘੁਟਾਲੇ ਵਿੱਚ ਯੂਪੀ ਪੁਲਿਸ ਨਜ਼ਦੀਕੀ ਪਿੰਡ ਜੱਸੜਾਂ ਦੇ ਕਿਸਾਨ ਆਗੂ ਗੁਰਨਾਮ ਸਿੰਘ ਜੱਸੜਾਂ ਨੂੰ ਬੀਤੇ ਦਿਨ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ ਹੈ। ਜਾਣਕਾਰੀ ਅਨੁਸਾਰ ਸੰਨ 2018 ਵਿੱਚ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਖੇ ਦਰਜ ਕੇਸ ਵਿੱਚ ਯੂਪੀ ਪੁਲਿਸ ਬੀਤੇ ਦਿਨ ਕਿਸਾਨ ਆਗੂ ਗੁਰਨਾਮ ਸਿੰਘ ਦੇ ਪਿੰਡ ਜੱਸੜਾਂ ਤਹਿਸੀਲ ਚਮਕੌਰ ਸਾਹਿਬ ਵਿਖੇ ਤਫਤੀਸ਼ ਕਰਨ ਲਈ ਆਈ ਸੀ, ਉਸ ਸਮੇਂ ਗੁਰਨਾਮ ਸਿੰਘ ਜੱਸੜਾਂ ਆਪਣੇ ਘਰ ਵਿੱਚ ਮੌਜੂਦ ਸਨ। ਪੁਲਿਸ ਪਰਿਵਾਰ ਨੂੰ ਦਰਜ ਕੇਸ ਵਿੱਚ ਪੁੱਛ ਪੜਤਾਲ ਕਰਨ ਲਈ ਕਹਿ ਕੇ ਆਪਣੇ ਨਾਲ ਲੈ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਯੂ ਪੀ ਪੁਲਿਸ ਕਿਹੜੇ ਕੇਸ ਵਿੱਚ ਅਤੇ ਕਿੱਥੇ ਲੈ ਕੇ ਗਏ ਹਨ, ਉਨ੍ਹਾਂ ਨੂੰ ਨਹੀਂ ਦੱਸਿਆ ਗਿਆ। ਇਸ ਤੋਂ ਪਹਿਲਾ ਵੀ ਗੁਰਨਾਮ ਸਿੰਘ ਕਈ ਮਹੀਨੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਸਜਾ ਕੱਟ ਕੇ ਆਏ ਸਨ। ਜਾਣਕਾਰੀ ਅਨੁਸਾਰ, ਗੁਰਨਾਮ ਸਿੰਘ ਜੱਸੜਾਂ ਨੂੰ ਯੂਪੀ ਪੁਲਿਸ ਪਰਲਜ਼ ਗਰੁੱਪ ਘੁਟਾਲੇ ਵਿੱਚ ਨਾਮਜ਼ਦ ਹੋਣ ਕਾਰਨ ਗ੍ਰਿਫ਼ਤਾਰ ਕਰਕੇ ਲੈ ਗਈ ਹੈ, ਕਿਉਂਕਿ ਗੁਰਨਾਮ ਸਿੰਘ ਜੱਸੜਾਂ ਪਰਲਜ਼ ਗਰੁੱਪ ਦੇ ਡਾਇਰੈਕਟਰ ਰਹੇ ਹਨ। ਜਦੋਂ ਕਿ ਪਰਲਜ਼ ਗਰੁੱਪ ਦੇ ਐਮ ਡੀ ਨਿਰਮਲ ਸਿੰਘ ਭੰਗੂ ,ਜਿਨ੍ਹਾਂ ਦੀ ਪਿਛਲੇ ਸਾਲ ਮੌਤ ਹੋ ਗਈ ਸੀ, ਦਾ ਵੀ ਪਿੰਡ ਜੱਸੜਾਂ ਦੇ ਬਿਲਕੁਲ ਨੇੜੇ ਪਿੰਡ ਅਟਾਰੀ ਹੈ। ਸਵਰਗੀ ਨਿਰਮਲ ਸਿੰਘ ਭੰਗੂ ਦੇ ਇੱਕ ਬੇਟਾ ਅਤੇ ਦੋ ਬੇਟੀਆਂ ਹਨ, ਜਿਨ੍ਹਾਂ ਵਿੱਚੋਂ ਕੁੱਝ ਸਾਲ ਪਹਿਲਾ ਬੇਟੇ ਦੀ ਵੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਭਰਾ ਨਛੱਤਰ ਸਿੰਘ ਭੰਗੂ ਦੀ ਪਿਛਲੇ ਸਾਲ ਮੌਤ ਹੋ ਚੁੱਕੀ ਹੈ , ਜਦੋਂ ਕਿ ਉਕਤ ਦੋਵੇਂ ਭੰਗੂ ਪਰਿਵਾਰ ਬਹੁਤ ਸਾਲਾਂ ਤੋਂ ਮੁਹਾਲੀ ਵਿਖੇ ਹੀ ਰਹਿ ਰਹੇ ਹਨ।



