
ਢਿਲਵਾਂ, 11 ਜੁਲਾਈ : ਢਿਲਵਾਂ ਇਲਾਕੇ ‘ਚ ਸ਼ੁੱਕਰਵਾਰ ਸਵੇਰੇ ਦੋ ਬਦਮਾਸ਼ਾਂ ਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ ਜਿਸ ਵਿਚ ਇਕ ਬਦਮਾਸ਼ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਦੀ ਮੁਸਤੈਦੀ ਨਾਲ ਦੋ ਬਦਮਾਸ਼ਾਂ ਨੂੰ ਫੜ ਲਿਆ ਗਿਆ। ਇਸ ਮਾਮਲੇ ਦੀ ਪੁਸ਼ਟੀ ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਕੀਤੀ। ਘਟਨਾ ਸਥਾਨ ‘ਤੇ ਐਸਐਸਪੀ ਦੇ ਨਾਲ-ਨਾਲ ਐਸਪੀ-ਡੀ ਪ੍ਰਭਜੋਤ ਸਿੰਘ ਵਿਰਕ, ਡੀਐਸਪੀ ਭੁਲੱਥ ਕਰਨੈਲ ਸਿੰਘ, ਸੀਆਈਏ ਸਟਾਫ ਕਪੂਰਥਲਾ ਇੰਚਾਰਜ ਜਰਨੈਲ ਸਿੰਘ ਪੁਲਿਸ ਫੋਰਸ ਨਾਲ ਮੌਜੂਦ ਰਹੇ। ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਢਿਲਵਾਂ ਟੋਲ ਪਲਾਜ਼ਾ ‘ਤੇ ਚਾਰ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਸੀ ਜਿਸ ਦਾ ਕੇਸ ਥਾਣਾ ਢਿਲਵਾਂ ‘ਚ ਦਰਜ ਹੈ। ਇਸ ਮਾਮਲੇ ‘ਚ ਸ਼ਾਮਲ ਮੁਲਾਜ਼ਮਾਂ ਦੀ ਫੜ੍ਹੋ-ਫੜ੍ਹੀ ਲਈ ਜ਼ਿਲ੍ਹਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਸਨ। ਇਸ ਦੌਰਾਨ ਪੁਲਿਸ ਨੂੰ ਵੀਰਵਾਰ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਫਾਇਰਿੰਗ ਮਾਮਲੇ ‘ਚ ਸ਼ਾਮਲ ਮੁੱਖ ਮੁਲਜ਼ਮ ਰਮਨਦੀਪ ਸਿੰਘ ਨਿਵਾਸੀ ਕੱਥੂਨੰਗਲ ਤੇ ਉਸ ਦੇ ਸਾਥੀ ਦਲਜੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਲੋਕਾਂ ਨੇ ਪੁੱਛਗਿੱਛ ਵਿਚ ਮੰਨਿਆ ਕਿ ਉਨ੍ਹਾਂ ਨੇ ਭਾਰੀ ਮਾਤਰਾ ‘ਚ ਅਸਲਾ ਮੰਡ ਢਿਲਵਾਂ ‘ਚ ਲੁਕਾ ਰੱਖਿਆ ਹੈ। ਐਸਐਸਪੀ ਨੇ ਦੱਸਿਆ ਕਿ ਦੋਵਾਂ ਬਦਮਾਸ਼ਾਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਉਨ੍ਹਾਂ ਨੂੰ ਮੰਡ ਢਿਲਵਾਂ ‘ਚ ਅਸਲੇ ਦੀ ਰਿਕਵਰੀ ਲਈ ਲੈ ਕੇ ਗਈ। ਇਸ ਦੌਰਾਨ ਜਦੋਂ ਪੁਲਿਸ ਨੇ ਅਸਲਾ ਰਿਕਵਰ ਕਰ ਲਿਆ ਤਾਂ ਇਨ੍ਹਾਂ ਵਿੱਚੋਂ ਇਕ ਬਦਮਾਸ਼ ਨੇ ਪੁਲਿਸ ਨੂੰ ਧੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਿਸ ਤੇ ਬਦਮਾਸ਼ ਭਿੜ ਗਏ। ਪੁਲਿਸ ਦੀ ਗ੍ਰਿਫਤ ਤੋਂ ਭੱਜੇ ਬਦਮਾਸ਼ ਨੂੰ ਫੜਨ ਲਈ ਕੀਤੀ ਗਈ ਫਾਇਰਿੰਗ ‘ਚ ਗੋਲੀ ਉਸ ਦੀ ਲੱਤ ‘ਚ ਲੱਗੀ ਤੇ ਉਹ ਜ਼ਖਮੀ ਹੋ ਕੇ ਉੱਥੇ ਹੀ ਡਿੱਗ ਪਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਦੋਵਾਂ ਬਦਮਾਸ਼ਾਂ ਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ ‘ਤੇ ਵੱਖਰੇ ਕੇਸ ਦਰਜ ਕੀਤੇ ਜਾਣਗੇ। ਮੁਲਜ਼ਮ ਰਮਨਦੀਪ ‘ਤੇ ਕਤਲ, ਇਰਾਦਾ ਕਤਲ, ਤੇ ਆਰਮਜ਼ ਐਕਟ ਤਹਿਤ 13 ਕੇਸ ਦਰਜ ਹਨ। ਇਨ੍ਹਾਂ ਦੇ ਦੋ ਸਾਥੀ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਟੀਮਾਂ ਛਾਪੇ ਮਾਰ ਰਹੀਆਂ ਹਨ। ਦੋਵਾਂ ਦੀ ਨਿਸ਼ਾਨਦੇਹੀ ‘ਤੇ ਭਾਰੀ ਮਾਤਰਾ ‘ਚ ਅਸਲs ਦੀ ਖੇਪ ਬਰਾਮਦ ਕੀਤੀ ਗਈ ਹੈ, ਜਿਸ ਦਾ ਖੁਲਾਸਾ ਜਲਦੀ ਕੀਤਾ ਜਾਵੇਗਾ।



