ਜਗਰਾਓਂ ਹਸਪਤਾਲ ਦੇ ਐੱਸਐੱਮਓ ਸਣੇ 105 ਡਾਕਟਰ ਤੇ ਸਟਾਫ਼ ਚੰਡੀਗੜ੍ਹ ਤਲਬ, ਕਈ ਸ਼ਿਕਾਇਤਾਂ ਮਿਲਣ ਮਗਰੋਂ ਕੀਤੀ ਗਈ ਕਾਰਵਾਈ

ਜਗਰਾਓਂ, 7 ਜੂਨ : ਜਗਰਾਓਂ ਸਿਵਲ ਹਸਪਤਾਲ ’ਚ ਸ਼ਿਕਾਇਤਾਂ ਦੀ ਭਰਮਾਰ ਦੇ ਕਾਰਨ ਅੱਜ ਸਾਰਾ ਹਸਪਤਾਲ ਚੰਡੀਗੜ੍ਹ ਤਲਬ ਕਰ ਲਿਆ ਗਿਆ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਸਣੇ 105 ਮੁਲਾਜ਼ਮਾਂ ਦੇ ਅਮਲੇ ਨੂੰ ਚੰਡੀਗੜ੍ਹ ਸੱਦਿਆ ਗਿਆ ਹੈ। ਇਸ ’ਚ ਸਾਰੇ ਡਾਕਟਰ, ਫਾਰਮਾਸਿਸਟ, ਨਰਸਿੰਗ ਸਟਾਫ਼ ਤੋਂ ਲੈ ਕੇ ਸਾਰਾ ਹੇਠਲਾ ਸਟਾਫ਼ ਵੀ ਸ਼ਾਮਲ ਸੀ। ਸਾਰੇ ਸਟਾਫ਼ ਨੂੰ ਚੰਡੀਗੜ੍ਹ ਤਲਬ ਕਰਨ ਦੇ ਕਾਰਨ ਸਿਹਤ ਵਿਭਾਗ ਵੱਲੋਂ ਜਗਰਾਓਂ ’ਚ ਸਿੱਧਵਾਂ ਬੇਟ, ਸੁਧਾਰ, ਪੱਖੋਵਾਲ ਤੇ ਹੋਰ ਥਾਵਾਂ ਦੇ ਹਸਪਤਾਲਾਂ ’ਚੋਂ ਇਕ ਦਿਨ ਲਈ ਸਟਾਫ਼ ਤਾਇਨਾਤ ਕੀਤਾ ਗਿਆ। ਦੂਜੇ ਪਾਸੇ ਸਾਰੇ ਸਟਾਫ਼ ਨੂੰ ਹੀ ਚੰਡੀਗੜ੍ਹ ਤਲਬ ਕਰਨ ਦਾ ਕਾਰਨ ਸਿਵਲ ਹਸਪਤਾਲ ਦੇ ਸਟਾਫ਼ ’ਚ ਹੀ ਆਪਸੀ ਖਿੱਚੋਤਾਣ ਨੂੰ ਮੰਨਿਆ ਜਾ ਰਿਹਾ ਹੈ। ਹਸਪਤਾਲ ਦੇ ਐੱਸਐੱਮਓ ਸਣੇ ਹੋਰਾਂ ’ਤੇ ਇਕ ਦੂਸਰੇ ਖ਼ਿਲਾਫ਼ ਕਈ ਗੰਭੀਰ ਦੋਸ਼ਾਂ ਤਹਿਤ ਉੱਚ ਅਧਿਕਾਰੀਆਂ ਨੂੰ ਦੋ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਦੀ ਗੰਭੀਰਤਾ ਨੂੰ ਦੇਖਦਿਆਂ ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ ਸਾਰਾ ਹਸਪਤਾਲ ਹੀ ਤਲਬ ਕਰ ਲਿਆ ਗਿਆ। ਇਸ ਅਮਲੇ ’ਚ 105 ਡਾਕਟਰ ਅਤੇ ਹੋਰ ਮੁਲਾਜ਼ਮ ਸ਼ਾਮਲ ਸਨ, ਜਿਨ੍ਹਾਂ ਨਾਲ ਇਕੱਲੇ ਇਕੱਲੇ ਡਾਇਰੈਕਟਰ ਵੱਲੋਂ ਸ਼ਿਕਾਇਤ ਨੂੰ ਲੈ ਕੇ ਪੁੱਛ ਪੜਤਾਲ ਕੀਤੀ ਗਈ। ਸੂਤਰਾਂ ਅਨੁਸਾਰ ਹਾਲਾਂਕਿ ਹੁਣ ਤਕ ਦੀ ਜਾਂਚ ਵਿਚ ਦੋਵਾਂ ਸ਼ਿਕਾਇਤਾਂ ਵਿਚ ਹੀ ਕੋਈ ਸਚਾਈ ਸਾਹਮਣੇ ਨਜ਼ਰ ਨਹੀਂ ਆਈ ਪਰ ਜਗਰਾਓਂ ਸਿਵਲ ਹਸਪਤਾਲ ਦੇ ਐੱਸਐੱਮਓ, ਡਾਕਟਰਾਂ ਤੇ ਸਟਾਫ਼ ’ਚ ਆਪਸੀ ਖਿੱਚੋਤਾਣ ਜ਼ਰੂਰ ਜਗ ਜਾਹਰ ਹੋ ਗਈ। ਇਸ ਤੋਂ ਬਾਅਦ ਇਹ ਵੀ ਚਰਚਾ ਛਿੜ ਪਈ ਹੈ ਕਿ ਝੂਠੀਆਂ ਸ਼ਿਕਾਇਤਾਂ ਤੇ ਇਨ੍ਹਾਂ ਸ਼ਿਕਾਇਤਾਂ ਕਾਰਨ ਸਿਵਲ ਹਸਪਤਾਲ ’ਚ ਵਿਗੜੀਆਂ ਸਿਹਤ ਸਹੂਲਤਾਂ ਦਾ ਨਜ਼ਲਾਂ ਜ਼ਰੂਰ ਅਮਲੇ ’ਤੇ ਹੀ ਆਉਣ ਵਾਲੇ ਦਿਨਾਂ ’ਚ ਡਿੱਗੇਗਾ। ਇਹ ਵੀ ਸਾਹਮਣੇ ਆਇਆ ਹੈ ਕਿ ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ ਕਈ ਮੁੱਦਿਆਂ ’ਤੇ ਝਾੜ ਵੀ ਪਾਈ ਗਈ।



