Punjab

ਜ਼ਮੀਨੀ ਵਿਵਾਦ ਕਾਰਨ ਦੋ ਔਰਤਾਂ ਦੀ ਮੌਤ, ਇਕ ਗੰਭੀਰ ਜ਼ਖ਼ਮੀ

ਜਸਵਿੰਦਰ ਸਿੰਘ ਸੰਧੂ/ਬਾਲ ਕਿਸ਼ਨ

ਫਿਰੋਜ਼ਪੁਰ, 11 ਜੁਲਾਈ : ਥਾਣਾ ਕੁੱਲਗੜ੍ਹੀ ਹਦੂਦ ਦੇ ਪਿੰਡ ਫੱਤੂ ਵਾਲਾ ’ਚ ਜ਼ਮੀਨ ਦੇ ਤਣਾਅ ਨੂੰ ਲੈ ਕੇ ਦੋ ਔਰਤਾਂ ਦੇ ਕਤਲ ਤੇ ਇਕ ਲੜਕੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਹੈ। ਸਥਾਨਕ ਵਾਸੀ ਸੰਦੀਪ ਪੁੱਤਰ ਕਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਕੋਲ ਲਗਪਗ ਸਾਢੇ ਚਾਰ ਏਕੜ ਜ਼ਮੀਨ ਹੈ, ਜੋ ਉਨ੍ਹਾਂ ਨੂੰ ਭੂਮੀ ਦਾਨ ਰਾਹੀਂ ਮਿਲੀ ਸੀ। ਉਕਤ ਜ਼ਮੀਨ ’ਤੇ ਪਿੰਡ ਦੇ ਕੁਝ ਜ਼ਿੰਮੀਦਾਰ ਕੁਲਦੀਪ, ਸੱਤਾ, ਸਰਵਨ ਆਦਿ ਜ਼ਬਰਦਸਤੀ ਕਬਜ਼ਾ ਕਰਨਾ ਚਾਹੁੰਦੇ ਸਨ। ਇਸ ਮਾਮਲੇ ਨੂੰ ਲੈ ਕੇ ਕਈ ਵਾਰ ਪੰਚਾਇਤ ਵੀ ਹੋਈ ਪਰ ਕੋਈ ਹੱਲ ਨਹੀਂ ਨਿਕਲਿਆ। ਮਾਮਲੇ ਦੀ ਸੂਚਨਾ ਥਾਣਾ ਕੁੱਲਗੜ੍ਹੀ ਨੂੰ ਵੀ ਦਿੱਤੀ ਗਈ ਸੀ। ਸੰਦੀਪ ਮੁਤਾਬਕ ਅੱਜ ਸਵੇਰੇ ਉਸ ਦੀ ਮਾਂ ਕਸ਼ਮੀਰੋ, ਮਾਸੀ ਨਿੱਕੋ (ਪਤਨੀ ਮੱਘਰ ਸਿੰਘ ਵਾਸੀ ਬੁਰਜ ਮੱਖਣ ਸਿੰਘ) ਅਤੇ ਭੈਣ ਸੁਖਵਿੰਦਰ ਕੌਰ ਘਰ ’ਚ ਮੌਜੂਦ ਸਨ। ਇਥੇ ਕਰੀਬ 60–70 ਲੋਕ ਟਰੈਕਟਰਾਂ ’ਤੇ ਸਵਾਰ ਹੋ ਕੇ ਆਏ ਅਤੇ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਜਦੋਂ ਉਸ ਦੀ ਮਾਂ ਕਸ਼ਮੀਰੋ ਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਕਸ਼ਮੀਰੋ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮਾਸੀ ਨਿੱਕੋ ਤੇ ਭੈਣ ਸੁਖਵਿੰਦਰ ਕੌਰ ਗੰਭੀਰ ਜ਼ਖ਼ਮੀ ਹੋ ਗਈਆਂ। ਦੋਵਾਂ ਨੂੰ ਫਿਰੋਜ਼ਪੁਰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਨਿੱਕੋ ਦੀ ਵੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਡੀਐੱਸਪੀ ਮਨਜੀਤ ਸਿੰਘ ਤੇ ਥਾਣਾ ਕੁੱਲਗੜ੍ਹੀ ਇੰਚਾਰਜ਼ ਗੁਰਮੀਤ ਸਿੰਘ ਮੌਕੇ ’ਤੇ ਪਹੁੰਚੇ। ਪੁਲਿਸ ਨੇ ਘਟਨਾ ’ਚ ਵਰਤੇ ਗਏ ਹਥਿਆਰਾਂ ਤੇ ਟਰੈਕਟਰਾਂ ਨੂੰ ਕਬਜ਼ੇ ’ਚ ਲੈ ਲਿਆ ਅਤੇ ਤਕਰੀਬਨ 12–13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button