
ਬਾਲ ਕਿਸ਼ਨ
ਫਿਰੋਜ਼ਪੁਰ, 11 ਜੁਲਾਈ: ਫਿਰੋਜ਼ਪੁਰ ਦੇ ਪਿੰਡ ਮੋਹਕਮ ਖਾਂ ਵਾਲਾ ਤਹਿਸੀਲ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਸਨੀਕਾਂ ਅਤੇ ਗਰਾਮ ਪੰਚਾਇਤ ਨੇ ਸਰਕਾਰ ਦੀ ਲੈਂਡ ਪੂਲ ਪਾਲਿਸੀ ਅਧੀਨ ਜ਼ਮੀਨਾਂ ਐਕਵਾਇਰ ਕਰਨ ਦੀ ਯੋਜਨਾ ਦਾ ਸਖ਼ਤ ਵਿਰੋਧ ਕੀਤਾ ਹੈ। ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਇਕ ਮੰਗ ਪੱਤਰ ਸੌਂਪਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਆਪਣੀਆਂ ਜੱਦੀ-ਪੁਸ਼ਤੀ ਜ਼ਮੀਨਾਂ, ਜੋ ਕਿ ਲਗਭਗ 151 ਏਕੜ ਦੇ ਰਕਬੇ ਵਿੱਚ ਹਨ, ਕਿਸੇ ਵੀ ਹਾਲਤ ਵਿੱਚ ਸਰਕਾਰ ਨੂੰ ਨਹੀਂ ਦੇਣਗੇ। ਇਹ ਜ਼ਮੀਨਾਂ ਪਿੰਡ ਦੇ ਵਸਨੀਕਾਂ ਦੀਆਂ ਪੁਰਖਿਆਂ ਦੀ ਵਿਰਾਸਤ ਹਨ, ਜਿਨ੍ਹਾਂ ਨੂੰ ਬਹੁਤ ਮਿਹਨਤ ਨਾਲ ਵਾਹੀਯੋਗ ਬਣਾਇਆ ਗਿਆ ਸੀ। ਪਿੰਡ ਵਾਸੀਆਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ, ਅਤੇ ਇਹ ਜ਼ਮੀਨਾਂ ਉਨ੍ਹਾਂ ਦੇ ਪਰਿਵਾਰਾਂ ਦੇ ਗੁਜ਼ਾਰੇ ਦਾ ਮੁੱਖ ਸਾਧਨ ਹਨ। ਮੰਗ ਪੱਤਰ ਵਿੱਚ ਦੱਸਿਆ ਗਿਆ ਹੈ ਕਿ 1947 ਦੀ ਵੰਡ ਦੌਰਾਨ ਵੀ ਇਨ੍ਹਾਂ ਵਸਨੀਕਾਂ ਨੂੰ ਪਾਕਿਸਤਾਨ ਵਿਚ ਆਪਣਾ ਘਰ-ਬਾਰ ਛੱਡ ਕੇ ਮੋਹਕਮ ਖਾਂ ਵਾਲਾ ਵਿੱਚ ਆਉਣਾ ਪਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਵੱਡਾ ਨੁਕਸਾਨ ਸਹਿਣਾ ਪਿਆ। ਹੁਣ ਸਰਕਾਰ ਵੱਲੋਂ ਲੈਂਡ ਪੂਲ ਪਾਲਿਸੀ ਦੇ ਤਹਿਤ ਇਨ੍ਹਾਂ ਜ਼ਮੀਨਾਂ ਨੂੰ ਜ਼ਬਰਦਸਤੀ ਐਕਵਾਇਰ ਕਰਨ ਦੀ ਯੋਜਨਾ ਨੇ ਪਿੰਡ ਵਾਸੀਆਂ ਨੂੰ ਚਿੰਤਤ ਕਰ ਦਿੱਤਾ ਹੈ। ਗਰਾਮ ਪੰਚਾਇਤ ਅਤੇ ਸਮੂਹ ਵਸਨੀਕਾਂ ਨੇ ਸਰਕਾਰ ਦੀ ਇਸ ਨੀਤੀ ਨੂੰ ਪਿੰਡ ਦਾ ਉਜਾੜਾ ਕਰਨ ਵਾਲਾ ਕਦਮ ਦੱਸਿਆ ਹੈ। ਉਨ੍ਹਾਂ ਨੇ ਮਤੇ ਰਾਹੀਂ ਸਪੱਸ਼ਟ ਕੀਤਾ ਕਿ ਇਹ ਜ਼ਮੀਨਾਂ ਉਨ੍ਹਾਂ ਦੀ ਜੀਵਿਕਾ ਦਾ ਇਕਮਾਤਰ ਸਹਾਰਾ ਹਨ, ਅਤੇ ਉਹ ਇਸ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। ਮੰਗ ਪੱਤਰ ਵਿਚ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਨ੍ਹਾਂ ਜ਼ਮੀਨਾਂ ਨੂੰ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਪੂਰਾ ਪਿੰਡ, ਜਿਸ ਵਿਚ ਨੌਜਵਾਨ, ਬਜ਼ੁਰਗ, ਔਰਤਾਂ ਅਤੇ ਕਿਸਾਨ ਸ਼ਾਮਲ ਹਨ, ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ। ਵਸਨੀਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਯੋਜਨਾ ਨੂੰ ਤੁਰੰਤ ਰੱਦ ਕਰੇ ਅਤੇ ਪਿੰਡ ਮੋਹਕਮ ਖਾਂ ਵਾਲਾ ਦੀਆਂ ਜ਼ਮੀਨਾਂ ਨੂੰ ਐਕਵਾਇਰ ਕਰਨ ਦੀ ਕੋਸ਼ਿਸ਼ ਨਾ ਕਰੇ। ਇਸ ਮਤੇ ਨੂੰ ਅਤਿ ਗੰਭੀਰਤਾ ਨਾਲ ਲੈਣ ਦੀ ਅਪੀਲ ਕਰਦਿਆਂ, ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਪਿੰਡ ਦੀਆਂ ਜ਼ਮੀਨਾਂ ਨੂੰ ਐਕਵਾਇਰ ਨਾ ਕਰੇ ਅਤੇ ਪਿੰਡ ਦੇ ਵਸਨੀਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਜੱਦੀ ਜ਼ਮੀਨਾਂ ਦੀ ਰਾਖੀ ਲਈ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ਬੇਅੰਤ ਸਿੰਘ, ਸਤਨਾਮ ਸਿੰਘ, ਮਨੋਜ, ਪ੍ਰਦੀਪ, ਤਲਵੰਤ ਸਿੰਘ, ਕੁਲਵਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਮੋਹਕਮ ਖਾਂ ਵਾਲਾ ਦੇ ਵਸਨੀਕ ਅਤੇ ਕਿਸਾਨ ਹਾਜ਼ਰ ਸਨ।



