
ਸੰਗਰੂਰ, 11 ਜੁਲਾਈ : ਸ਼ਹਿਰ ਦੇ ਸੋਹੀਆਂ ਰੋਡ ’ਤੇ ਸਥਿਤ ਇੰਦਰਾ ਕਾਲੋਨੀ ’ਚ ਇਕ ਘਰੋਂ ਚੋਰ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰ ਕੇ ਲੈ ਗਏ। ਘਟਨਾ ਤੋਂ ਬਾਅਦ ਚੋਰ ਸੀਸੀਟੀਵੀ ’ਚ ਕੈਦ ਹੋ ਗਏ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਵਨੀਤ ਪਰੋਹਿਤ ਨੇ ਦੱਸਿਆ ਕਿ ਲੰਘੀ ਰਾਤ ਜਦੋਂ ਉਹ ਘਰ ਵਿਚ ਹੀ ਮੌਜੂਦ ਸਨ ਅਤੇ ਸੁੱਤੇ ਪਏ ਸੀ ਤਾਂ ਰਾਤ ਨੂੰ 1 ਵਜੇ ਚੋਰ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋਏ, ਪ੍ਰੰਤੂ ਉਨ੍ਹਾਂ ਨੂੰ ਕੁਝ ਪਤਾ ਨਾ ਲੱਗਾ। ਜਦੋਂ ਸਵੇਰੇ 3 ਵਜੇ ਉਨ੍ਹਾਂ ਦੀ ਭਰਜਾਈ ਬੱਚੇ ਲਈ ਦੁੱਧ ਗਰਮ ਕਰਨ ਲਈ ਉਠੀ ਤਾਂ ਉਨ੍ਹਾਂ ਦੇਖਿਆ ਕਿ ਘਰ ਦੇ ਦਰਵਾਜੇ ਖੁੱਲ੍ਹੇ ਪਏ ਹਨ ਅਤੇ ਘਰ ਦੇ ਇਕ ਕਮਰੇ ਵਿਚ ਸਾਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰ ਉਨ੍ਹਾਂ ਦੇ ਘਰ ਵਿਚੋਂ ਸੋਨੇ ਦੀਆਂ ਦੋ ਛਾਂਪਾ, ਇਕ ਜੋੜਾ ਬਾਲੀਆਂ, ਡੇਢ ਕਿੱਲੋ ਚਾਂਦੀ ਤੇ 15 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਨੇੜਲੇ ਘਰ ਵਿਚ ਲੱਗੇ ਸੀਸੀਟੀਵੀ ਚੈੱਕ ਕੀਤੇ ਤਾਂ ਉਸ ਵਿਚ ਚੋਰਾਂ ਦੀ ਫੁਟੇਜ ਕੈਦ ਹੋ ਗਈ, ਜਿਸ ’ਚ ਤਿੰਨ ਵਿਅਕਤੀ ਨਜ਼ਰ ਆ ਰਹੇ ਹਨ। ਉਨ੍ਹਾਂ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



