Punjab

ਫਿਰੋਜ਼ਪੁਰ ’ਚ ਦਾਜ ਦੀ ਮੰਗ ਨੂੰ ਲੈ ਕੇ ਵਿਆਹੁਤਾ ’ਤੇ ਤਸ਼ੱਦਦ, ਪਤੀ ਨੇ ਕਾਪੇ ਨਾਲ ਕੀਤਾ ਜ਼ਖਮੀ

ਬਾਲ ਕਿਸ਼ਨ

ਫਿਰੋਜ਼ਪੁਰ, 11 ਜੁਲਾਈ : ਫਿਰੋਜ਼ਪੁਰ ਵਿਖੇ ਦਾਜ ਦੀ ਮੰਗ ਨੂੰ ਲੈ ਕੇ ਇੱਕ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਪਤੀ ਵੱਲੋਂ ਕਾਪੇ ਨਾਲ ਸੱਟਾਂ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਵਿਆਹੁਤਾ ਦੀ ਸ਼ਿਕਾਇਤ ’ਤੇ ਸਹੁਰੇ ਪਰਿਵਾਰ ਦੇ ਤਿੰਨ ਮੈਂਬਰਾਂ ਪਤੀ ਰਵੀ ਕੁਮਾਰ, ਸੱਸ ਪ੍ਰਕਾਸ਼ ਰਾਣੀ ਅਤੇ ਜੇਠ ਖਰੈਤ ਲਾਲ ਵਾਸੀ ਪਿੰਡ ਤਰੋਬੜੀ, ਲਾਧੂ ਕਾ ਮੰਡੀ, ਫਾਜ਼ਿਲਕਾ ਖਿਲਾਫ ਬੀਐੱਨਐੱਸ ਦੀਆਂ ਧਾਰਾਵਾਂ 316(2), 85 ਅਤੇ 115(2) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਰਾਜਵਿੰਦਰ ਕੌਰ ਪਤਨੀ ਰਵੀ ਕੁਮਾਰ ਵਾਸੀ ਮਕਾਨ ਨੰਬਰ 18, ਰਣਜੀਤ ਐਵੀਨਿਊ, ਫਿਰੋਜ਼ਪੁਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਵਿਆਹ 7 ਦਸੰਬਰ 2015 ਨੂੰ ਰਵੀ ਕੁਮਾਰ ਪੁੱਤਰ ਮੱਲੂ ਰਾਮ ਨਾਲ ਹੋਇਆ ਸੀ। ਉਸ ਨੇ ਕਿਹਾ ਕਿ ਮੰਗਣੀ ਸਮੇਂ ਉਸ ਦੇ ਪਿਤਾ ਨੇ ਕਾਫੀ ਖਰਚਾ ਕੀਤਾ ਸੀ, ਪਰ ਸਹੁਰੇ ਪਰਿਵਾਰ ਨੇ ਵਿਆਹ ਲਈ ਹੋਂਡਾ ਸਿਟੀ ਕਾਰ ਅਤੇ ਵੱਡੇ ਪੈਲੇਸ ਵਿਚ ਵਿਆਹ ਦੀ ਮੰਗ ਕੀਤੀ। ਉਸ ਦੇ ਪਿਤਾ ਨੇ ਮੁਸ਼ਕਲ ਨਾਲ ਹੋਂਡਾ ਸਿਟੀ ਕਾਰ, ਸੋਨੇ ਦੇ ਗਹਿਣੇ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਹੋਰ ਸਮਾਨ ਦਿੱਤਾ ਪਰ ਵਿਆਹ ਤੋਂ ਕੁਝ ਦਿਨ ਬਾਅਦ ਹੀ ਪਤੀ ਰਵੀ, ਸੱਸ ਪ੍ਰਕਾਸ਼ ਰਾਣੀ ਅਤੇ ਸਹੁਰਾ ਨੇ ਉਸ ਨੂੰ ਹੋਰ ਦਾਜ ਲਈ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਈ ਵਾਰ ਕੁੱਟਮਾਰ ਵੀ ਕੀਤੀ। ਰਾਜਵਿੰਦਰ ਕੌਰ ਨੇ ਦੱਸਿਆ ਕਿ ਕਈ ਵਾਰ ਪੰਚਾਇਤੀ ਰਾਜੀਨਾਮੇ ਹੋਣ ਦੇ ਬਾਵਜੂਦ ਸਹੁਰੇ ਪਰਿਵਾਰ ਦਾ ਵਤੀਰਾ ਨਹੀਂ ਬਦਲਿਆ। ਉਹ ਆਪਣੇ ਪਿਤਾ ਵੱਲੋਂ ਦਿੱਤੇ ਪਲਾਟ ’ਤੇ ਰਣਜੀਤ ਐਵੀਨਿਊ ਵਿਚ ਪਤੀ ਨਾਲ ਰਹਿਣ ਲੱਗੀ, ਪਰ 23 ਮਈ 2025 ਨੂੰ ਉਸ ਦੇ ਪਤੀ ਰਵੀ ਨੇ ਕਾਪੇ ਨਾਲ ਉਸ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਉਸ ਨੇ ਮੰਗ ਕੀਤੀ ਕਿ ਉਸ ਦਾ ਇਸਤਰੀ ਧਨ ਵਾਪਸ ਕੀਤਾ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਦੇਵ ਰਾਜ ਨੇ ਕਿਹਾ ਕਿ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button