
ਲੁਧਿਆਣਾ, 11 ਜੁਲਾਈ : ਲੁਧਿਆਣਾ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਦੋਸਤੀ ਕਰਵਕੇ ਉਸ ਨੂੰ ਝਾਂਸੇ ਵਿੱਚ ਲੈ ਕੇ ਦੋਸਤ ਨੇ ਇਤਰਾਜ਼ਯੋਗ ਤਸਵੀਰਾਂ ਮੰਗਵਾ ਲਈਆਂ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਮੁਲਜ਼ਮ ਇਸ ਲੜਕੀ ਨੂੰ ਬਲੈਕਮੇਲ ਕਰਨ ਲੱਗ ਗਿਆ। ਲੜਕੇ ਦੀਆਂ ਹਰਕਤਾਂ ਤੋਂ ਦੁਖੀ ਹੋਈ ਪੀੜਤਾ ਨੇ ਸਾਰਾ ਮਾਮਲਾ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਇਸ ਮਾਮਲੇ ਦੀ ਜਾਣਕਾਰੀ ਥਾਣਾ ਬਸਤੀ ਯੋਧੇਵਾਲ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਸਬੂਤਾਂ ਦੇ ਆਧਾਰ ਤੇ ਪੀੜਤਾ ਦੇ ਬਿਆਨ ਉੱਪਰ ਬਲੈਕਮੇਲ ਕਰਨ ਵਾਲੇ ਮੁੰਬਈ ਦੇ ਰਹਿਣ ਵਾਲੇ ਸਤਿੰਦਰ ਮੋਰੀਆ ਉਰਫ ਸ਼ੁਭਮ ਖਿਲਾਫ ਆਈਟੀ ਐਕਟ ਸੁਣੇ ਹੋਰ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ। ਪੀੜਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ 5 ਸਾਲ ਪਹਿਲਾਂ ਉਹ ਆਪਣੀ ਕਿਸੇ ਰਿਸ਼ਤੇਦਾਰੀ ਦੇ ਸਮਾਗਮ ਦੌਰਾਨ ਮੁਲਜ਼ਮ ਨੂੰ ਦੇਵਾਪੁਰ ਮਿਲੀ ਸੀ। ਉਸ ਮੁਲਾਕਾਤ ਵਿੱਚ ਉਸ ਦੀ ਸਤਿੰਦਰ ਮੋਰੀਆ ਨਾਲ ਦੋਸਤੀ ਹੋ ਗਈ ਅਤੇ ਬਾਅਦ ਵਿੱਚ ਫੋਨ ਰਾਹੀਂ ਗੱਲਬਾਤ ਹੁੰਦੀ ਰਹੀ। ਇਸ ਦੌਰਾਨ ਮੁਲਜ਼ਮ ਨੇ ਉਸ ਨੂੰ ਝਾਂਸੇ ਵਿੱਚ ਲੈ ਕੇ ਉਸ ਦੀਆਂ ਅਸ਼ਲੀਲ ਤਸਵੀਰਾਂ ਲੈ ਲਈਆਂ ਅਤੇ ਫਿਰ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਬਲੈਕਮੇਲ ਕਰਨ ਲੱਗ ਗਿਆ। ਪੀੜਤਾ ਮੁਤਾਬਕ ਮੁਲਜ਼ਮ ਨੇ ਉਸ ਦੇ ਭਰਾ ਨੂੰ ਵੀ ਇਹ ਅਸ਼ਲੀਲ ਫੋਟੋਆਂ ਭੇਜੀਆਂ ਤੇ ਉਸ ਨੂੰ ਹੋਰ ਫੋਟੋਆਂ ਵਾਇਰਲ ਕਰਨ ਦੀ ਧਮਕੀ ਦਿੱਤੀ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਇੰਸਪੈਕਟਰ ਜਸਵੀਰ ਸਿੰਘ ਮੁਤਾਬਕ ਮੁਲਜ਼ਮ ਖਿਲਾਫ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।



