ਰੋਜ਼ ਹੋਣ ਵਾਲੀਆਂ ਵਾਰਦਾਤਾਂ ਦਾ ਇਕ ਅੰਕੜਾ ਕੱਢਿਆ ਜਾਵੇ ਤਾਂ ਜਿੰਨੀਆਂ ਵੀ ਲੁੱਟ-ਖੋਹ ਦੀਆਂ ਘਟਨਾਵਾਂ ਹੋ ਰਹੀਆਂ ਹਨ, ਉਨ੍ਹਾਂ ’ਚੋਂ 60 ਫੀਸਦੀ ਕ੍ਰਾਈਮ ਪ੍ਰਵਾਸੀਆਂ ਨਾਲ ਹੋ ਰਿਹਾ ਹੈ। ਸਿਰਫ ਮੋਬਾਈਲ ਖੋਹਣ ਲਈ ਉਨ੍ਹਾਂ ਨੂੰ ਇੰਨੇ ਗਹਿਰੇ ਜ਼ਖ਼ਮ ਦਿੱਤੇ ਜਾਂਦੇ ਹੈ, ਜਿਸ ਦੀ ਕੋਈ ਭਰਪਾਈ ਨਹੀਂ ਹੋ ਸਕਦੀ। ਇਹ ਵਾਰਦਾਤਾਂ ਜ਼ਿਆਦਾਤਰ ਗਿਆਸਪੁਰਾ, ਸ਼ੇਰਪੁਰ, ਕੰਗਨਵਾਲ, ਜਸਪਾਲ ਬਾਂਗਰ, ਸਲੇਮ ਟਾਬਰੀ, ਐਲਡਿਕੋ ਦੇ ਨੇੜੇ, ਰਾਹਾਂ ਰੋਡ, ਬਹਾਦੁਰਕੇ ਰੋਡ, ਜਮਾਲਪੁਰ, ਹੰਬੜਾ ਰੋਡ, ਦੁੱਗਰੀ, ਗਿੱਲ ਰੋਡ ਸਮੇਤ ਹੋਰ ਇਲਾਕਿਆਂ ’ਚ ਹੁੰਦੀਆਂ ਹਨ, ਜਿੱਥੇ ਪ੍ਰਵਾਸੀਆਂ ਨੂੰ ਰਾਤ ਨੂੰ ਹੀ ਨਹੀਂ, ਦਿਨ ’ਚ ਵੀ ਲੁੱਟ ਲਿਆ ਜਾਂਦਾ ਹੈ। ਇਨ੍ਹਾਂ ਇਲਾਕਿਆਂ ’ਚ ਪੈਟਰੋਲਿੰਗ ਦੀ ਗੱਲ ਕਰੀਏ ਤਾਂ ਉਹ ਸਿਰਫ਼ ਕਾਗਜ਼ਾਂ ’ਚ ਹੈ, ਜਿਨ੍ਹਾਂ ਦੀ ਡਿਊਟੀ ਲਾਈ ਜਾਂਦੀ ਹੈ, ਉਹ ਜਾਂ ਤਾਂ ਘਰਾਂ ’ਚ ਪਹੁੰਚ ਜਾਂਦੇ ਹਨ ਜਾਂ ਫਿਰ ਖੁੱਲ੍ਹੇ ਹੋਏ ਏਟੀਐੱਮ ’ਚ ਆਰਾਮ ਫਰਮਾਉਂਦੇ ਹਨ।
ਸ਼ਿਕਾਇਤ ਦਰਜ ਕਰਨ ’ਚ ਵੀ ਆਉਂਦੀ ਹੈ ਪਰੇਸ਼ਾਨੀ
ਲੋਕਾਂ ਦਾ ਦਾਅਵਾ ਹੈ ਕਿ ਅਕਸਰ ਜਦੋਂ ਵੀ ਉਹ ਸ਼ਿਕਾਇਤ ਕਰਨ ਲਈ ਥਾਣੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਅੱਜ-ਕੱਲ੍ਹ ਕਹਿ ਕੇ ਉਥੋਂ ਭੇਜ ਦਿੱਤਾ ਜਾਂਦਾ ਹੈ। ਬਹੁਤ ਸਾਰੇ ਲੋਕ ਤਾਂ ਪੁਲਿਸ ਦੀ ਹੀ ਪਰੇਸ਼ਾਨੀ ਕਾਰਨ ਸ਼ਿਕਾਇਤ ਹੀ ਨਹੀਂ ਕਰਦੇ, ਜੋ ਸ਼ਿਕਾਇਤ ਕਰਦੇ ਹਨ, ਉਨ੍ਹਾਂ ਦੀ ਐੱਫਆਈਆਰ ਦਰਜ ਕਰਨ ’ਚ ਹਫ਼ਤਿਆਂ ਲੱਗ ਜਾਂਦੇ ਹਨ। ਕੁਝ ਮਾਮਲਿਆਂ ’ਚ ਤਾਂ ਮਹੀਨਿਆਂ ਬਾਅਦ ਵੀ ਐੱਫਆਈਆਰ ਦਰਜ ਕੀਤੀ ਗਈ ਹੈ।
ਨਾਈਟ ਪੀਸੀਆਰ ਦਸਤੇ ’ਚ ਕੀਤੀ ਗਈ ਕਟੌਤੀ
ਪਿਛਲੇ ਦਿਨੀਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਪ੍ਰੈੱਸ ਕਾਨਫਰੰਸ ’ਚ ਖ਼ੁਦ ਮੰਨਿਆ ਸੀ ਕਿ ਪੁਲਿਸ ਕਮਿਸ਼ਨਰੇਟ ਦੇ ਨਾਈਟ ਪੀਸੀਆਰ ਦਸਤੇ ’ਚ ਕਟੌਤੀ ਕਰ ਦਿੱਤੀ ਗਈ ਹੈ। ਪਹਿਲਾਂ ਸ਼ਹਿਰ ’ਚ ਪੀਸੀਆਰ ਦੇ 25 ਬਾਈਕ ਰਾਤ ਨੂੰ ਪੈਟਰੋਲਿੰਗ ਕਰਦੇ ਸਨ ਤੇ ਹੁਣ ਸਿਰਫ 12 ਬਾਈਕ ਹੀ ਸ਼ਹਿਰ ’ਚ ਰਾਤ ਨੂੰ ਪੈਟਰੋਲਿੰਗ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਦਿਨਾਂ ਸ਼ਹਿਰ ’ਚ ਰਾਤ ਨੂੰ ਬਾਈਕ ਦੀ ਗਿਣਤੀ ਅੱਧੀ ਕਰ ਦਿੱਤੀ ਗਈ ਹੈ। ਸੀਪੀ ਦਾ ਦਾਅਵਾ ਹੈ ਕਿ ਇਸ ਨਾਲ ਰਾਤ ’ਚ ਪੁਲਿਸ ਦੀ ਵਿਜ਼ੀਬਿਲਿਟੀ ਘੱਟ ਨਹੀਂ ਹੋਈ ਹੈ। ਉਨ੍ਹਾਂ ਦਾ ਤਰਕ ਹੈ ਕਿ ਪਹਿਲਾਂ 25 ਦਸਤੇ ਰਾਤ ਨੂੰ ਪੂਰੇ ਸ਼ਹਿਰ ’ਚ ਗਸ਼ਤ ਕਰਦੇ ਸਨ ਤੇ ਹੁਣ 12 ਬਾਈਕ ਨੂੰ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਲਈ ਤਾਇਨਾਤ ਕੀਤਾ ਗਿਆ ਹੈ। ਇਹ ਬਾਈਕ ਉਨ੍ਹਾਂ ਖੇਤਰਾਂ ’ਚ ਪੈਟਰੋਲਿੰਗ ਕਰਦੇ ਹਨ, ਜਿੱਥੇ ਚਾਰ-ਪਹੀਆ ਵਾਹਨ ਨਹੀਂ ਜਾ ਸਕਦੇ। ਪੀਸੀਆਰ ਦਸਤਿਆਂ ਨੂੰ ਐਮਰਜੈਂਸੀ ਰਿਸਪਾਂਸ ਟੀਮ ਨਾਲ ਜੋੜਿਆ ਗਿਆ ਹੈ। ਇਸ ਸਮੇਂ ਸ਼ਹਿਰ ’ਚ 45 ਚਾਰ-ਪਹੀਆ ਵਾਹਨ ਹਨ, ਜੋ ਦਿਨ-ਰਾਤ ਪੈਟਰੋਲਿੰਗ ਕਰ ਰਹੇ ਹਨ ਪਰ ਅਸਲ ’ਚ ਨਾ ਤਾਂ ਬਾਈਕ ਨਜ਼ਰ ਆਉਂਦੇ ਹਨ ਤੇ ਨਾ ਹੀ ਚਾਰ-ਪਹੀਆ ਵਾਹਨ ਨਜ਼ਰ ਆਉਂਦੇ ਹਨ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨਾਲ ਸਿੱਧੀ ਗੱਲ
ਸਵਾਲ: ਸਨੈਚਿੰਗ ਦੀ ਵਾਰਦਾਤਾਂ ਵੱਧ ਰਹੀਆਂ ਹਨ ਤੇ ਲੁਟੇਰੇ ਲੋਕਾਂ ਦੀ ਜਾਨ ਤੱਕ ਲੈ ਰਹੇ ਹਨ। ਪੁਲਿਸ ਕੀ ਕਰ ਰਹੀ ਹੈ?
ਜਵਾਬ: ਪੁਲਿਸ ਦੀਆਂ ਖਾਸ ਪੈਟਰੋਲਿੰਗ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਤੇ ਅਧਿਕਾਰੀ ਇਨ੍ਹਾਂ ਦੀ ਜਾਂਚ ਵੀ ਕਰਦੇ ਹਨ। ਅਸੀਂ ਪਿਛਲੇ 2 ਮਹੀਨਿਆਂ ’ਚ ਕਾਫੀ ਸਨੈਚਰਾਂ ਨੂੰ ਫੜ ਕੇ ਜੇਲ ’ਚ ਭੇਜਿਆ ਹੈ।
ਸਵਾਲ: ਲੋਕ ਸ਼ਿਕਾਇਤ ਕਰਨ ਤੋਂ ਕਤਰਾਉਂਦੇ ਹਨ ਤੇ ਸ਼ਿਕਾਇਤ ਦਰਜ ਕਰਨ ’ਚ ਵੀ ਦਿੱਕਤ ਆਉਂਦੀ ਹੈ। ਅਜਿਹਾ ਕਿਉਂ?
ਜਵਾਬ: ਸਾਰੇ ਥਾਣਿਆਂ ਨੂੰ ਸਖਤ ਹੁਕਮ ਹਨ ਕਿ ਤੁਰੰਤ ਐੱਫਆਈਆਰ ਦਰਜ ਕੀਤੀ ਜਾਵੇ, ਜੇ ਕੋਈ ਅਜਿਹਾ ਨਹੀਂ ਕਰਦਾ ਤਾਂ ਉਕਤ ਮੁਲਾਜ਼ਮ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਬਿਲਕੁਲ ਸਾਫ ਹੈ।
ਸਵਾਲ: ਸਨੇਚਿੰਗ ਤੇ ਲੁੱਟ-ਖੋਹ ਦੇ ਮਾਮਲਿਆਂ ਨੂੰ ਲੈ ਕੇ ਪੁਲਿਸ ਨੂੰ ਕੋਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ?
ਜਵਾਬ: ਅਸੀਂ ਪੁਰਾਣੇ ਤੇ ਜੇਲ ਤੋਂ ਨਿਕਲੇ ਸਨੈਚਰਾਂ ਦੀ ਜਾਣਕਾਰੀ ਖੰਗਾਲ ਰਹੇ ਹਾਂ। ਇਨ੍ਹਾਂ ਸਾਰੇ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਉਹ ਜੇਲ ਤੋਂ ਆ ਕੇ ਕਿਸ ਨਾਲ ਸੰਪਰਕ ’ਚ ਹਨ, ਇਸ ’ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ, ਕਿਉਂਕਿ ਸਨੈਚਿੰਗ ਕਰਨ ਵਾਲੇ ਦੋਸ਼ੀ ਜੇਲ ਤੋਂ ਨਿਕਲੇ ਹੋਏ ਹੀ ਹਨ।