Punjab

ਜਵਾਈ ਨੇ ਸਹੁਰੇ ਘਰ ਜਾ ਕੇ ਕੀਤਾ ਹਾਈ ਵੋਲਟੇਜ ਡਰਾਮਾ

ਕੱਢੀਆਂ ਗਾਲ੍ਹਾਂ ਤੇ ਗੇਟ 'ਚ ਮਾਰੀਆਂ ਠਾਹ-ਠਾਹ ਗੋਲੀਆਂ

ਤਰਨਤਾਰਨ, 9 ਜੁਲਾਈ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਤਲਵੰਡੀ ਸੋਭਾ ਸਿੰਘ ਵਿਖੇ ਜਵਾਈ ਵੱਲੋਂ ਕਥਿਤ ਤੌਰ ’ਤੇ ਸਹੁਰੇ ਘਰ ਅੱਗੇ ਆ ਕੇ ਗਾਲੀ ਗਲੋਚ ਕਰਨ ਅਤੇ ਘਰ ਦੇ ਗੇਟ ਵਿਚ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਉਕਤ ਵਿਅਕਤੀ ਸਮੇਤ 6 ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਮੀਤ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਤਲਵੰਡੀ ਸੋਭਾ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਭੈਣ ਰਾਜਵਿੰਦਰ ਕੌਰ ਦਾ ਵਿਆਹ ਅੰਗਰੇਜ ਸਿੰਘ ਕਾਕਾ ਪੁੱਤਰ ਮੇਜਰ ਸਿੰਘ ਵਾਸੀ ਘਰਿਆਲਾ ਨਾਲ ਹੋਇਆ ਸੀ। ਉਸਦਾ ਜੀਜਾ ਉਸਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ, ਜਿਸ ਨੂੰ ਉਸ ਨੇ ਕਈ ਵਾਰ ਅਜਿਹਾ ਕਰਨ ਤੋਂ ਰੋਕਿਆ। ਇਸੇ ਰੰਜਿਸ਼ ਤਹਿਤ ਉਹ ਲੰਘੀ ਰਾਤ ਕਰੀਬ 11 ਵਜੇ ਅੱਧਾ ਦਰਜਨ ਅਣਪਛਾਤੇ ਲੋਕਾਂ ਸਮੇਤ ਫੀਗੋ ਕਾਰ ’ਤੇ ਸਵਾਰ ਹੋ ਕੇ ਉਨ੍ਹਾਂ ਦੇ ਘਰ ਅੱਗੇ ਆਇਆ ਅਤੇ ਦਰਵਾਜੇ ਅੱਗੇ ਖੜ੍ਹਾ ਹੋ ਕੇ ਗਾਲੀ ਗਲੋਚ ਕਰਨ ਲੱਗਾ। ਜਦੋਂਕਿ ਅੰਗਰੇਜ਼ ਸਿੰਘ ਨੇ ਪਿਸਤੋਲ ਨਾਲ ਫਾਇਰ ਕੀਤੇ ਜੋ ਉਨ੍ਹਾਂ ਦੇ ਘਰ ਦੇ ਮੇਨ ਗੇਟ ਉੱਪਰ ਲੱਗੇ ਹਨ। ਮਾਮਲੇ ਦੀ ਜਾਂਚ ਕਰ ਰਹੇ ਚੌਂਕੀ ਘਰਿਆਲਾ ਦੇ ਇੰਚਾਰਜ ਏਐੱਸਆਈ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਅੰਗਰੇਜ਼ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button