
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 8 ਜੁਲਾਈ : ਦਿ ਚੰਡੀਗਡ਼੍ਹ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ, ਚੰਡੀਗਡ਼੍ਹ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਚੇਅਰਮੈਨ ਸਤਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ। ਦਿ ਚੰਡੀਗਡ਼੍ਹ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ, ਚੰਡੀਗਡ਼੍ਹ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਬੈਂਕ ਦੀਆਂ ਰੈਗੂਲਰ, ਠੇਕਾ, ਪਾਰਟ-ਟਾਈਮ ਤੇ ਆਊਟਸੋਰਸ ਦੀਆਂ ਅਸਾਮੀਆਂ ‘ਚ 85 ਫ਼ੀਸਦ ਕੋਟਾ ਚੰਡੀਗਡ਼੍ਹੀਆਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ ਜਦੋਂ ਕਿ ਬਾਕੀ 15 ਫ਼ੀਸਦ ਕੋਟੇ ‘ਚ ਪੰਜਾਬ, ਹਰਿਆਣਾ ਸਣੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਦਿ ਚੰਡੀਗਡ਼੍ਹ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ, ਚੰਡੀਗਡ਼੍ਹ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਸਿੱਧੂ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗਡ਼੍ਹੀਆਂ ਨੂੰ ਨੌਕਰੀ ਵਿੱਚ ਦਿੱਤੇ ਜਾਣ ਵਾਲੇ 85 ਫ਼ੀਸਦ ਕੋਟੇ ਵਿੱਚੋਂ 15 ਫ਼ੀਸਦ ਕੋਟਾ ਚੰਡੀਗਡ਼੍ਹ ਦੇ ਪਿੰਡਾਂ ਦੇ ਜੱਦੀ-ਪੁਸ਼ਤੀ ਲੋਕਾਂ ਨੂੰ ਦਿੱਤਾ ਜਾਵੇਗਾ। ਬੈਂਕ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ, ਹਰਿਆਣਾ ਸਣੇ ਦੇਸ਼ ਦੇ ਹੋਰਨਾਂ ਸੂਬਿਆਂ ਵੱਲੋਂ ਸਰਕਾਰੀ ਅਦਾਰਿਆਂ ਵਿੱਚ ਕੀਤੀ ਜਾਣ ਵਾਲੀ ਰੈਗੂਲਰ, ਠੇਕਾ ਅਧਾਰਿਤ, ਪਾਰਟ-ਟਾਈਮ, ਆਊਟਸੋਰਸ ਭਰਤੀ ਵਿੱਚ ਆਪੋ-ਆਪਣੇ ਸੂਬਿਆਂ ਦੇ ਲੋਕਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇੰਨਾ ਹੀ ਨਹੀਂ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੋਣ ਦੇ ਬਾਵਜੂਦ ਚੰਡੀਗਡ਼੍ਹ ਦੇ ਨੌਜਵਾਨਾਂ ਨੂੰ ਨੌਕਰੀ ਵਿੱਚ ਪਹਿਲ ਨਹੀਂ ਦਿੱਤੀ ਜਾਂਚੀ ਹੈ ਬਲਕਿ ਚੰਡੀਗਡ਼੍ਹ ਨੂੰ ਵੱਖਰੇ ਸੂਬਿਆਂ ਦੇ ਸੂਚੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਵੀ ਚੰਡੀਗਡ਼੍ਹ ਅਤੇ ਇੱਥੇ ਰਹਿਣ ਵਾਲੇ ਲੋਕਾਂ ਨੂੰ ਆਪਣਾ ਨਹੀਂ ਸਮਝਦੇ ਹਨ। ਇਸੇ ਨੂੰ ਵੇਖਦਿਆਂ ਫ਼ੈਸਲਾ ਕੀਤਾ ਕਿ ਬੈਂਕ ਵਿੱਚ ਕੀਤੀ ਜਾਣ ਵਾਲੀ ਰੈਗੂਲਰ, ਠੇਕਾ ਆਧਾਰਿਤ, ਪਾਰਟ-ਟਾਈਮ ਤੇ ਆਊਟਸੋਰਸ ਭਰਤੀ ਵਿੱਚ 85 ਫ਼ੀਸਦ ਕੋਟਾ ਚੰਡੀਗਡ਼੍ਹ ਦੇ ਲੋਕਾਂ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬੈਂਕ ਦੀ ਲੋਨ ਪਾਲਿਸੀ ’ਤੇ ਮੋਹਰ ਲਗਾਈ ਗਈ। ਚੰਡੀਗਡ਼੍ਹ ਦੇ ਸੈਕਟਰ-22 ਵਿਖੇ ਸਥਿਤ ਬੈਂਕ ਦੀ ਸ਼ਾਖਾ ਨੂੰ ਅਪਗ੍ਰੇਡ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਮੌਕੇ ਦਿ ਚੰਡੀਗਡ਼੍ਹ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ, ਚੰਡੀਗਡ਼੍ਹ ਦੇ ਮੈਨੇਜਿੰਗ ਡਾਇਰੈਕਟਰ ਅਨੁਰਾਧਾ ਚਗਤੀ ਆਈਏਐੱਸ, ਐੱਸਡੀਐੱਮ ਸੈਂਟਰਲ ਨਵੀਨ ਰੱਤੂ ਆਈਏਐੱਸ, ਬੈਂਕ ਦੇ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਕਾਲਾ, ਡਾਇਰੈਕਟਰ ਭੁਪਿੰਦਰ ਸਿੰਘ ਬਡਹੇਡ਼ੀ, ਹਰਦੀਪ ਸਿੰਘ ਬੁਟੇਰਲਾ, ਜੁਝਾਰ ਸਿੰਘ ਬਡਹੇਡ਼ੀ, ਤਰਲੋਚਨ ਸਿੰਘ, ਜੀਤ ਸਿੰਘ ਬਹਿਲਾਣਾ, ਬਾਲ ਕ੍ਰਿਸ਼ਨ, ਮਨਜੀਤ ਰਾਣਾ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ ਢਿੱਲੋਂ ਮੌਜੂਦ ਰਹੇ।



