ਕੋਟਕਪੂਰਾ, 8 ਜੁਲਾਈ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੋਟਕਪੂਰਾ ਵਿਖੇ ਬਲਾਕ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਹ ਪੰਜਾਬ ਭਰ ਦੇ ਵੱਖ-ਵੱਖ ਬਲਾਕਾਂ ਵਿੱਚ ਖੁਦ ਪੁੱਜ ਕੇ ਪਾਰਟੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਯਤਨ ਕਰ ਰਹੇ ਹਨ। ਸਾਬਕਾ ਮੰਤਰੀ ਉਪਿੰਦਰ ਸ਼ਰਮਾ, ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਹਲਕਾ ਇੰਚਾਰਜ ਅਜੈਪਾਲ ਸਿੰਘ ਸੰਧੂ, ਐਡਵੋਕੇਟ ਪਵਨ ਗੋਇਲ ਸਮੇਤ ਵੱਖ-ਵੱਖ ਬਲਾਕਾਂ ਦੇ ਇੰਚਾਰਜ, ਅਹੁਦੇਦਾਰ, ਪਿੰਡਾਂ ਦੇ ਪੰਚ, ਸਰਪੰਚ, ਕੌਂਸਲਰ ਅਤੇ ਵੱਖ-ਵੱਖ ਸੰਸਥਾਵਾਂ, ਜਥੇਬੰਦੀਆਂ ਦੇ ਆਗੂਆਂ ਦੀ ਹਾਜ਼ਰੀ ਵਿੱਚ ਰਾਜਾ ਵੜਿੰਗ ਨੇ ਸੱਤਾਧਾਰੀ ਧਿਰ ’ਤੇ ਦੋਸ਼ ਲਾਉਂਦਿਆਂ ਆਖਿਆ ਕਿ ਅੱਜ ਪੰਜਾਬ ਦੀ ਅਮਨ ਕਾਨੂੰਨ ਦੀ ਹਾਲਤ ਡਾਵਾਂਡੋਲ ਹੋ ਗਈ ਹੈ, ਜਦਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਨਵੇਂ ਕਾਨੂੰਨ ਲਿਆਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਪਿਛਲੇ ਦਿਨੀਂ ਕੋਟ ਈਸੇ ਖਾਂ ਵਿਖੇ ਇਕ ਵਪਾਰੀ ਉਪਰ ਹਮਲਾ ਹੋਇਆ, ਉਸੇ ਤਰ੍ਹਾਂ ਅੱਜ ਦਿਨ ਦਿਹਾੜੇ ਅਬੋਹਰ ਵਿਖੇ ਇਕ ਵੱਡੇ ਵਪਾਰੀ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵੜਿੰਗ ਨੇ ਆਖਿਆ ਕਿ ‘ਸੰਵਿਧਾਨ ਬਚਾਉ ਅਤੇ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ’ ਪ੍ਰੋਗਰਾਮਾਂ ਤਹਿਤ ਉਹ ਪੰਜਾਬ ਦੇ ਪਿੰਡ, ਸ਼ਹਿਰ, ਕਸਬੇ ਵਿੱਚ ਜਾ ਕੇ ਵਰਕਰਾਂ ਨੂੰ ਸਰਗਰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਤਿੰਨ ਮੁਹਿੰਮਾਂ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਵਿੱਚ ਜੁੜੇਗਾ ਬਲਾਕ-ਜਿੱਤੇਗੀ ਕਾਂਗਰਸ, ਨੀਵੇਂ ਪੱਧਰ ਤੋਂ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਅਤੇ ਸੰਵਿਧਾਨ ਬਚਾਉ ਰੈਲੀਆਂ, ਲੋਕਤੰਤਰਿਕ ਕਦਰਾਂ-ਕੀਮਤਾਂ ਦੀ ਰੱਖਿਆ ਲਈ ਅਤੇ ਸੰਗਠਨ ਦੀ ਮੁਕੰਮਲ ਬਣਤਰ, ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੰਡਲ, ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਕੰਮ ਕਰਨਾ ਸ਼ਾਮਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਦਿਨਾਂ ਵਿੱਚ ਹੋਰ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਵੀ ਕਰਵਾਈਆਂ ਜਾਣਗੀਆਂ। ਰਾਜਾ ਵੜਿੰਗ ਨੇ ਸੁਨੇਹਾ ਦਿੱਤਾ ਕਿ ਕੁਰਸੀ ’ਤੇ ਬੈਠੇ ਨੇਤਾਵਾਂ ਨੂੰ ਆਪਣੀ ਪੁਜ਼ੀਸ਼ਨ ਦੀ ਨਾਜਾਇਜ਼ ਵਰਤੋਂ ਨਹੀਂ ਕਰਨੀ ਚਾਹੀਦੀ। ਉਨ੍ਹਾਂ ਤਰਕ ਦਿੱਤਾ ਕਿ ਅਸੀਂ ਖੁਦ ਨੂੰ ਅਜਿਹਾ ਵਿਅਕਤੀ ਬਣਾਈਏ ਕਿ ਜਦੋਂ ਅਸੀਂ ਅਹੁਦੇ ਦਾ ਤਿਆਗ ਕਰ ਦੇਈਏ ਤਾਂ ਲੋਕ ਕਹਿਣ ਕਿ ਇਹ ਲੀਡਰ ਸੱਚਮੁੱਚ ਕਾਬਲ ਸੀ। ਯੁੱਧ ਨਸ਼ਿਆਂ ਵਿਰੁੱਧ ਅਤੇ ਬੇਅਦਬੀ ਮਾਮਲਿਆਂ ਸਬੰਧੀ ਨਵਾਂ ਕਾਨੂੰਨ ਬਣਾਉਣ ਦੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਆਖਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਲਗਾਤਾਰ ਤਿੰਨ ਸਾਲ ਸੁੱਤੀ ਰਹੀ ਅਤੇ ਹੁਣ ਉਸ ਨੂੰ ਯੁੱਧ ਨਸ਼ਿਆਂ ਵਿਰੁੱਧ’ ਅਤੇ ਬੇਅਦਬੀ ਮਾਮਲਿਆਂ ਦਾ ਧਿਆਨ ਆ ਗਿਆ ਹੈ। ਇਸ ਮੌਕੇ ਭੁਪਿੰਦਰ ਸਿੰਘ ਸੱਗੂ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ, ਬਲਦੇਵ ਸਿੰਘ ਕਲਿਆਣ ਸਾਬਕਾ ਵਿਧਾਇਕ, ਅਜੈਬ ਸਿੰਘ ਚਹਿਲ ਸਾਬਕਾ ਚੇਅਰਮੈਨ, ਦਰਸ਼ਨ ਸਿੰਘ ਸਹੋਤਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦਰਸ਼ਨ ਸਿੰਘ ਢਿੱਲਵਾਂ ਹਲਕਾ ਇੰਚਾਰਜ ਜੈਤੋ, ਜਗਸੀਰ ਸਿੰਘ ਖਾਰਾ, ਹਰਦੀਪ ਸਿੰਘ ਕਟਾਰੀਆ, ਗੁਰਪ੍ਰਤਾਪ ਸਿੰਘ, ਬੋਹੜ ਸਿੰਘ ਘਾਰੂ, ਤਰਸੇਮ ਸਿੰਘ ਜਿਉਣਵਾਲਾ, ਪ੍ਰਦੀਪ ਕੁਮਾਰ ਕੁੱਕੀ ਚੋਪੜਾ, ਗਿੰਦਰਜੀਤ ਸਿੰਘ ਸੇਖੋਂ, ਗੁਰਸੇਵਕ ਸਿੰਘ ਨੀਲਾ, ਕਿਸ਼ੋਰੀ ਲਾਲ ਸਰਪੰਚ, ਸ਼ਗਨਦੀਪ ਸਿੰਘ ਵਾੜਾਦਰਾਕਾ, ਸੁਖਦੀਪ ਸਿੰਘ ਸੰਧੂ, ਵਿਨੇ ਅਰੋੜਾ, ਜਸਵਿੰਦਰ ਸਿੰਘ, ਸੁਖਪ੍ਰੀਤ ਸਿੰਘ, ਚੰਦ ਸਿੰਘ ਸਰਪੰਚ, ਟੀਪੂ ਦਿਉੜਾ, ਵਰਿੰਦਰ ਸ਼੍ਰੀਮਾਨ ਆਦਿ ਹਾਜਰ ਸਨ।
Related Articles
Leave a Reply
Check Also
Close 


