
ਪਟਿਆਲਾ, 7 ਜੁਲਾਈ : ਪਿੰਡ ਅਲੀਪੁਰ ਅਰਾਈਆਂ ’ਚ ਡਾਇਰੀਆ ਨਾਲ ਐਤਵਾਰ ਨੂੰ ਇਕ ਬੱਚੀ ਤੇ ਇਕ ਬਜ਼ੁਰਗ ਦੀ ਮੌਤ ਹੋ ਗਈ। ਚਾਰ ਦਰਜਨ ਦੇ ਕਰੀਬ ਲੋਕ, ਜਿਨ੍ਹਾਂ ’ਚ ਬੱਚੇ ਵੀ ਸ਼ਾਮਿਲ ਹਨ ਵੱਖ-ਵੱਖ ਹਸਪਤਾਲਾਂ ’ਚ ਇਲਾਜ ਅਧੀਨ ਹਨ। ਡਾਇਰੀਆ ਨਾਲ ਮੌਤ ਦੀ ਖ਼ਬਰ ਪਤਾ ਲੱਗਣ ’ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੌਕੇ ’ਤੇ ਪੁੱਜ ਕੇ ਹਾਲਾਤਾ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਡਾਇਰੀਆ ਦੇ ਫੈਲਾਅ ਨੂੰ ਰੋਕਣ ਲਈ ਫੌਰੀ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ। ਮ੍ਰਿਤਕਾਂ ’ਚ ਸ਼ਾਮਿਲ ਦੋ ਸਾਲਾ ਬੱਚੀ ਚਾਂਦਨੀ ਤੇ 78 ਸਾਲਾ ਤਾਰਵਤੀ ਨੂੰ ਸ਼ਨਿਚਰਵਾਰ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਸਿਹਤ ਵਿਭਾਗ ਨੇ ਇਲਾਕੇ ’ਚ ਇਕ ਆਰਜ਼ੀ ਡਿਸਪੈਂਸਰੀ ਸਥਾਪਤ ਕਰ ਕਰ ਕੇ ਲੋਕਾਂ ਦੀ ਰੈਗੂਲਰ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਲਾਕੇ ’ਚ ਪੀਣ ਵਾਲੇ ਪਾਣੀ ਦੀ ਦੀ ਪਾਈਪ ’ਚ ਸੀਵਰੇਜ ਦਾ ਪਾਣੀ ਮਿਲਣ ਕਾਰਨ ਬਿਮਾਰੀ ਫੈਲੀ ਹੈ।



