ਜ਼ੀਰਾ ਸ਼ਹਿਰ ‘ਚ ਵਧੀਆਂ ਚੋਰੀ ਦੀਆਂ ਵਾਰਦਾਤਾਂ, 1 ਰਾਤ ‘ਚ 2 ਕਰਿਆਨੇ ਦੀਆਂ ਦੁਕਾਨਾਂ ਦੇ ਟੁੱਟੇ ਸ਼ਟਰ; ਪੁਲਿਸ ਦੀ ਨਿਢਾਲਪਣਤਾ ‘ਤੇ ਉੱਠੇ ਸਵਾਲ

ਜ਼ੀਰਾ, 5 ਜੁਲਾਈ : ਸ਼ਹਿਰ ਵਿੱਚ ਚੋਰਾਂ ਦੇ ਹੌਂਸਲੇ ਦਿਨ ਬਦਿਨ ਬੁਲੰਦ ਹੋ ਰਹੇ ਹਨ। ਦਿਨ ਦਿਹਾੜੇ ਅਤੇ ਰਾਤੀ ਦੁਕਾਨਾਂ ਦੇ ਸ਼ਟਰ ਤੋੜ ਕੇ ਸਮਾਨ ਚੋਰੀ ਕਰਨਾ ਆਮ ਬਣ ਗਿਆ। ਇਹ ਘਟਨਾਵਾਂ ਇੰਨੀਆਂ ਆਮ ਹੋ ਚੁੱਕੀਆਂ ਹਨ ਕਿ ਦੁਕਾਨਦਾਰਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਸੁਸਤੀ ਕਾਰਨ ਚੋਰ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਸਥਾਨਕ ਰੇਲਵੇ ਰੋਡ ਤੇ ਅਤੇ ਥਾਣਾ ਸਿਟੀ ਜ਼ੀਰਾ ਤੋਂ ਮਹਿਜ਼ ਕੁਝ ਹੀ ਦੂਰੀ ਤੇ ਸਥਿਤ ਸ਼ੀਤਲ ਦਾਸ ਜੈਨ ਕਰਿਆਨਾ ਸਟੋਰ ਦੇ ਮਾਲਕ ਮਨੋਜ ਜੈਨ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਕਰੀਬ 3 ਤੋਂ 3.30 ਵਜੇ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਕਾਊਂਟਰ ਵਿੱਚ ਬਣੇ ਕੈਸ਼ ਬਾਕਸ ਨੂੰ ਤੋੜ ਕੇ ਲੈ ਗਏ, ਜਿਸ ਵਿੱਚ 8 ਹਜ਼ਾਰ ਦੇ ਕਰੀਬ ਨਕਦੀ ਸੀ। ਚੋਰਾਂ ਵੱਲੋਂ ਤੋੜਾ ਗਿਆ ਉਨ੍ਹਾਂ ਦਾ ਕੈਸ਼ ਬੋਕਸ ਉਨ੍ਹਾਂ ਨੂੰ ਕੱਚਰਭੰਨ ਕਰਿਆਨਾ ਸਟੋਰ ਦੇ ਬਾਹਰ ਮਿਲਿਆ। ਮਨੋਜ ਜੈਨ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਉਨਾਂ ਵੱਲੋਂ ਸਵੇਰੇ 4 ਵਜੇ 100 ਨੰਬਰ ਤੇ ਕਾਲ ਕਰਕੇ ਦਿੱਤੀ ਗਈ ਤਾਂ ਅੱਗੋਂ ਮੁਲਾਜ਼ਮਾਂ ਨੇ ਕਿਹਾ ਕਿ ਸਵੇਰੇ ਆ ਕੇ ਲਿਖਤੀ ਸ਼ਿਕਾਇਤ ਥਾਣੇ ਵਿੱਚ ਦਿਓ। ਇਸੇ ਤਰ੍ਹਾਂ ਰੇਲਵੇ ਰੋਡ ’ਤੇ ਹੀ ਸਥਿਤ ਕੱਚਰਭੰਨ ਕਰਿਆਨਾ ਸਟੋਰ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ। ਦੁਕਾਨ ਮਾਲਕ ਕਸਤੂਰੀ ਲਾਲ ਨੇ ਦੱਸਿਆ ਕਿ ਨਾਲ ਚੋਰਾਂ ਵੱਲੋਂ ਨਾਲ ਵਾਲੀ ਦੁਕਾਨ ਦਾ ਕੈਮਰਾ ਤੋੜਨ ਤੋਂ ਬਾਅਦ ਉਹਨਾਂ ਦਾ ਸ਼ਟਰ ਤੋੜਿਆ ਗਿਆ, ਤਾਂ ਸਾਹਮਣੇ ਬਣੇ ਗੁਰਵੰਤ ਹਸਪਤਾਲ ਦੇ ਵਿੱਚੋਂ ਬਾਹਰ ਆਏ ਇੱਕ ਵਿਅਕਤੀ ਦੇ ਰੌਲਾ ਪਾਉਣ ਤੇ ਚੋਰ ਉਹਨਾਂ ਦਾ ਲੋਹੇ ਦਾ ਗੱਲਾਂ ਲੈ ਕੇ ਕਾਰ ਤੇ ਫਰਾਰ ਹੋ ਗਏ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪ੍ਰੰਤੂ ਹੈਰਾਨੀ ਵਾਲੀ ਗੱਲ ਇਹ ਹੈ ਕਿ ਘਟਨਾ ਤੋਂ ਕਈ ਘੰਟਿਆਂ ਬਾਅਦ ਵੀ ਪੁਲਿਸ ਮੌਕੇ ਤੇ ਨਹੀਂ ਪਹੁੰਚੀ। ਪਰ ਦੁਕਾਨਦਾਰਾਂ ਨੂੰ ਇਸ ਗੱਲ ਦਾ ਡਰ ਹੈ ਕਿ ਪੁਲਿਸ ਇਨ੍ਹਾਂ ਚੋਰਾਂ ਨੂੰ ਫੜਨ ਲਈ ਕੋਈ ਠੋਸ ਕਦਮ ਚੁੱਕੇਗੀ ? ਸ਼ਹਿਰ ਵਿੱਚ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਵੱਧ ਰਹੀ ਹੈ। ਕਰਿਆਨਾ ਐਸੋਸੀਏਸ਼ਨ ਪੰਜਾਬ ਦੇ ਉਪ ਪ੍ਰਧਾਨ ਕੌਂਸਲਰ ਹਰੀਸ਼ ਤਾਂਗਰਾ, ਕਰਿਆਨਾ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਭਾਟੀਆ, ਉਪ ਪ੍ਰਧਾਨ ਰਣਜੀਤ ਬਜਾਜ, ਉਪ ਪ੍ਰਧਾਨ ਰਣਜੀਤ ਬਜਾਜ, ਚੇਅਰਮੈਨ ਅਸ਼ੋਕ ਘੁਰਕੀ ਨੇ ਚੋਰੀ ਦੀਆਂ ਵੱਧਦੀਆਂ ਘਟਨਾਵਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਸੁਨਿਸ਼ਚਿਤ ਹੋ ਸਕੇ।



