
ਆਦਮਪੁਰ, 3 ਜੁਲਾਈ 2025 : ਮੁੰਬਈ ਲਈ ਫਲਾਈਟ ਸ਼ੁਰੂ ਹੋਣ ਨਾਲ ਜਿੱਥੇ ਲੋਕਾਂ ਨੂੰ ਹੁਣ ਆਦਮਪੁਰ ਤੋਂ ਮੁੰਬਈ ਪਹੁੰਚਣਾ ਆਸਾਨ ਹੋਵੇਗਾ, ਉੱਥੇ ਹੁਣ ਮੁੰਬਈ ਤੋਂ ਮਾਨਚੈਸਟਰ ਤੇ ਐਮਸਟਰਡਮ ਤੱਕ ਜਾਣਾ ਵੀ ਕੁਨੈਕਟਿੰਗ ਫਲਾਈਟ ਰਾਹੀਂ ਸੌਖਾ ਹੋ ਜਾਵੇਗਾ। ਬੁੱਧਵਾਰ ਨੂੰ ਇੰਡੀਗੋ ਵੱਲੋਂ ਸ਼ੁਰੂ ਹੋਈ ਇਸ ਫਲਾਈਟ ਰਾਹੀਂ ਪਹਿਲਾਂ 47 ਮੁਸਾਫ਼ਰ ਆਦਮਪੁਰ ਪਹੁੰਚੇ ਤੇ ਫਿਰ 56 ਮੁਸਾਫਿਰਾਂ ਨੇ ਮੁੰਬਈ ਲਈ ਉਡਾਣ ਭਰੀ। ਆਦਮਪੁਰ ਪਹੁੰਚੇ ਮੁਸਾਫਿਰਾਂ ’ਚ ਸੰਜੇ ਨਾਇਰ ਨੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਮੁੰਬਈ ਤੋਂ ਬੜੇ ਆਰਾਮ ਨਾਲ ਹਵਾਈ ਸਫ਼ਰ ਰਾਹੀਂ ਆਦਮਪੁਰ ਪਹੁੰਚੇ ਹਨ। ਮਨਮੋਹਨ ਸਿੰਘ ਨੇ ਕਿਹਾ ਕਿ ਉਹ ਅੱਜ ਇਸ ਪਹਿਲੀ ਫਲਾਈਟ ਰਾਹੀਂ ਪਠਾਨਕੋਟ ਨਜਦੀਕ ਰਹਿੰਦੀ ਆਪਣੀ ਭੈਣ ਨੂੰ ਮਿਲਣ ਆਏ ਹਨ। ਜਦੋਂ ਤੋਂ ਇਸ ਫਲਾਈਟ ਦੀ ਗੱਲ ਚੱਲ ਰਹੀਂ ਸੀ ਤਾਂ ਉਹ ਉਡੀਕ ਰਹੇ ਸਨ ਕਿ ਕਦ ਸ਼ੁਰੂ ਹੋਵੇ ਤੇ ਓਹ ਇਸੇ ਰਾਹੀਂ ਆਪਣੀ ਭੈਣ ਦੇ ਪਰਿਵਾਰ ਨੂੰ ਮਿਲਣ ਪਹੁੰਚਣ। ਅੱਜ ਉਨ੍ਹਾਂ ਦੀ ਆਸ ਪੂਰੀ ਹੋਈ ਹੈ। ਇਸ ਮੌਕੇ ਏਅਰਪੋਰਟ ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਪਹਿਲੇ ਦਿਨ ਸਫਲਤਾਪੂਰਵਕ ਫਲਾਈਟ ਦਾ ਆਉਣਾ-ਜਾਣਾ ਹੋਇਆ ਤੇ ਯਾਤਰੀਆਂ ਨੂੰ ਕੋਈ ਮੁਸ਼ਕਲ ਨਹੀਂ ਹੋਈ। ਸਮੂਹ ਯਾਤਰੀ ਖੁਸ਼ੀ ਪੂਰਵਕ ਯਾਤਰਾ ਪੂਰੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਫਲਾਈਟ ਰਾਹੀਂ ਲੋਕ ਹੁਣ ਮੁੰਬਈ ਤੋਂ ਹਫਤੇ ’ਚ ਤਿੰਨ ਦਿਨ ਮਾਨਚੈਸਟਰ ਤੇ ਤਿੰਨ ਦਿਨ ਲਈ ਐਮਸਟਰਡਮ, ਨੀਦਰਲੈਂਡ ਦੀ ਫਲਾਈਟ ਕੁੱਝ ਘੰਟਿਆਂ ਦੇ ਅੰਤਰ ਨਾਲ ਲੈ ਕੇ ਇੰਗਲੈਂਡ ਤੇ ਯੂਰਪ ਤੱਕ ਪਹੁੰਚ ਆਸਾਨ ਕਰ ਸਕਣਗੇ। ਉਨ੍ਹਾਂ ਕਿਹਾ ਕਿ ਅਗਾਂਹ ਵੀ ਸਰਕਾਰ ਦੀ ਮਨਸ਼ਾ ਹਰ ਏਅਰ ਪੋਰਟ ਤੋਂ ਵੱਧ ਤੋਂ ਵੱਧ ਕਨੈਕਟੀਵਿਟੀ ਪ੍ਰਦਾਨ ਕਰਨਾ ਹੈ ਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਆਦਮਪੁਰ ਤੋਂ ਹੋਰ ਵੀ ਫਲਾਈਟਾਂ ਵੱਖ-ਵੱਖ ਅਸਥਾਨਾਂ ਲਈ ਸ਼ੁਰੂ ਹੋ ਜਾਣਗੀਆਂ।



