
ਲੁਧਿਆਣਾ, 3 ਜੁਲਾਈ : ਲਾਪਰਵਾਹੀ ਨਾਲ ਚਲਾਏ ਜਾ ਰਹੇ ਤੇਜ਼ ਰਫਤਾਰ ਟਰੱਕ ਨੇ ਚਾਰ ਮਜ਼ਦੂਰਾਂ ਨੂੰ ਇੰਨੀ ਬੁਰੀ ਤਰ੍ਹਾਂ ਉਡਾਇਆ ਕਿ ਇੱਕ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਚਾਲਕ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਗੋਬਿੰਦਗੜ੍ਹ ਵਿੱਚ ਪੈਂਦੇ ਨਾਥ ਦੇ ਵਿਹੜੇ ਦੇ ਵਾਸੀ ਮਹਿੰਦਰ ਨੇ ਦੱਸਿਆ ਕਿ ਉਹ ਦੋਰਾਹਾ ਦੀ ਲੋਹੇ ਦੀ ਫੈਕਟਰੀ ਵਿੱਚ ਮਜ਼ਦੂਰੀ ਕਰਦਾ ਹੈ। ਮੰਗਲਵਾਰ ਨੂੰ ਉਹ ਆਪਣੇ ਸਾਥੀ ਅੰਕਿਤ ਕੁਮਾਰ ਸਿੰਘ, ਕੰਚਨ ਵਿਸ਼ਕਰਮਾ ਅਤੇ ਅਜਮਲ ਅੰਸਾਰੀ ਨਾਲ ਡਿਊਟੀ ’ਤੇ ਜਾਣ ਲਈ ਕੰਪਨੀ ਦੀ ਬੱਸ ਦੀ ਉਡੀਕ ਕਰ ਰਿਹਾ ਸੀ। ਤਿੰਨੋ ਮਜ਼ਦੂਰ ਜੁਗਿਆਣਾ ਪੁਲ ਦੇ ਲਾਗੇ ਖੜ੍ਹ ਕੇ ਆਪਸ ਵਿੱਚ ਗੱਲਾਂ ਕਰ ਰਹੇ ਸਨ। ਇਸੇ ਦੌਰਾਨ ਤੇਜ਼ ਰਫਤਾਰ ਟਰੱਕ ਆਇਆ। ਚਾਲਕ ਨੇ ਆਪਣੇ ਟਰੱਕ ਦਾ ਸਟੇਅਰਿੰਗ ਇਕਦਮ ਮੋੜ ਦਿੱਤਾ। ਚਾਲਕ ਟਰੱਕ ਨੂੰ ਇੰਨੀ ਲਾਪਰਵਾਹੀ ਨਾਲ ਚਲਾ ਰਿਹਾ ਸੀ ਕਿ ਤੇਜ਼ ਰਫਤਾਰ ਟਰੱਕ ਨੇ ਨੁੱਕਰ ’ਤੇ ਖੜੇ ਚਾਰੇ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇਸ ਕਦਰ ਭਿਆਨਕ ਸੀ ਕਿ ਉਹ ਆਪਣੇ ਤਿੰਨਾਂ ਸਾਥੀਆਂ ਨਾਲ ਹਵਾ ਵਿੱਚ ਉੱਡ ਗਿਆ। ਚਾਰੇ ਮਜ਼ਦੂਰ ਕਾਫੀ ਦੂਰੀ ’ਤੇ ਜਾ ਕੇ ਵੱਖ-ਵੱਖ ਥਾਵਾਂ ’ਤੇ ਡਿੱਗ ਪਏ। ਮਹਿੰਦਰ ਨੇ ਦੱਸਿਆ ਕਿ ਉਸ ਦੇ ਸਿਰ ਅਤੇ ਮੋਢੇ ’ਤੇ ਗੰਭੀਰ ਸੱਟਾਂ ਲੱਗੀਆਂ। ਇਸੇ ਤਰ੍ਹਾਂ ਕੰਚਨ ਵਿਸ਼ਕਰਮਾ ਦਾ ਪੈਰ ਬੁਰੀ ਤਰ੍ਹਾਂ ਟੁੱਟ ਗਿਆ। ਮਹਿੰਦਰ ਨੇ ਦੱਸਿਆ ਕਿ ਅੰਕਿਤ ਕੁਮਾਰ ਸਿੰਘ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਨਾਂ ਦੇ ਚੌਥੇ ਸਾਥੀ ਅਜ਼ਮਲ ਅੰਸਾਰੀ ਦੀ ਹਾਲਤ ਜ਼ਿਆਦਾ ਖਰਾਬ ਸੀ। ਅਜਮਲ ਅਤੇ ਕੰਚਨ ਵਿਸ਼ਕਰਮਾ ਨੂੰ ਡਾਕਟਰਾਂ ਨੇ ਹਸਪਤਾਲ ਦਾਖਲ ਕਰ ਲਿਆ। ਕੁਝ ਸਮੇਂ ਬਾਅਦ ਅਜਮਲ ਅੰਸਾਰੀ ਦੀ ਹਾਲਤ ਜ਼ਿਆਦਾ ਵਿਗੜ ਗਈ ਅਤੇ ਉਸ ਨੇ ਜ਼ੇਰੇ ਇਲਾਜ ਦਮ ਤੋੜ ਦਿੱਤਾ। ਕੰਚਨ ਵਿਸ਼ਕਰਮਾ ਹਸਪਤਾਲ ਦਾਖਲ ਹੈ ਅਤੇ ਉਸ ਦੀ ਹਾਲਤ ਖਤਰੇ ’ਚੋਂ ਬਾਹਰ ਦੱਸੀ ਜਾ ਰਹੀ ਹੈ। ਉਧਰੋਂ ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮਹਿੰਦਰ ਦੀ ਸ਼ਿਕਾਇਤ ਤੇ ਅਣਪਛਾਤੇ ਟਰੱਕ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਟਰੱਕ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਅਜਮਲ ਅੰਸਾਰੀ 20 ਕੁ ਸਾਲ ਦੀ ਉਮਰ ਦਾ ਸੀ। ਉਹ ਕੁਝ ਸਮਾਂ ਪਹਿਲੋਂ ਹੀ ਉੱਤਰ ਪ੍ਰਦੇਸ਼ ਤੋਂ ਦੋਰਾਹਾ ਦੀ ਇੱਕ ਫੈਕਟਰੀ ਵਿੱਚ ਕੰਮ ਕਰਨ ਲਈ ਆਇਆ ਸੀ। ਜਾਂਚ ਅਧਿਕਾਰੀ ਸਾਧੂ ਸਿੰਘ ਨੇ ਦੱਸਿਆ ਕਿ ਪੁਲਿਸ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਵੇਗੀ।



