
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ,3 ਜੁਲਾਈ : ਆਮ ਆਦਮੀ ਪਾਰਟੀ ਸਰਕਾਰ ਦੇ ਕੈਬਨਿਟ ਮੰਤਰੀਆਂ ਨੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਤਿੱਖਾ ਹਮਲਾ ਕੀਤਾ ਹੈ। ਆਪ ਦੇ ਪ੍ਰਦੇਸ਼ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਕਦੇ ਪੰਥ ਅਤੇ ਪੰਜਾਬ ਲਈ ਸੰਘਰਸ਼ ਕਰਨ ਵਾਲਾ ਅਕਾਲੀ ਦਲ ਅੱਜ ਨਸ਼ਾ ਮਾਫੀਆ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਬਾਦਲ ਦੀ ਯਾਤਰਾ ‘ਪੰਥ ਬਚਾਓ’ ਤੋਂ ‘ਪਰਿਵਾਰ ਬਚਾਓ’ ਤੱਕ ਪਹੁੰਚ ਗਈ ਹੈ, ਹੁਣ ਉਹ ਨਸ਼ਾ ਮਾਫੀਆ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ। ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਨੇ ਕਿਹਾ ਕਿ ਰਿਮਾਂਡ ਵਧਾਉਣ ਦੇ ਫ਼ੈਸਲੇ ਨਾਲ ਇਹ ਸਾਬਤ ਹੋ ਗਿਆ ਹੈ ਕਿ ਵਿਜੀਲੈਂਸ ਕੋਲ ਮਜੀਠੀਆ ਖ਼ਿਲਾਫ਼ ਸਬੂਤ ਬਹੁਤ ਮਜ਼ਬੂਤ ਹਨ। ਕੈਬਨਿਟ ਮੰਤਰੀਆਂ ਨੇ ਵੱਖ-ਵੱਖ ਬਿਆਨ ਜਾਰੀ ਕਰਕੇ ਕਿਹਾ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਨਿੱਜੀ ਜਾਇਦਾਦ ਵਿਚ ਬਦਲ ਕੇ ਨੌਜਵਾਨਾਂ ਦੇ ਭਵਿੱਖ ਨੂੰ ਆਪਣੇ ਫਾਇਦੇ ਲਈ ਵੇਚ ਦਿੱਤਾ। ਅਰੋੜਾ ਨੇ ਕਿਹਾ ਕਿ ਸੁਖਬੀਰ ਬਾਦਲ ਕਹਿ ਰਹੇ ਹਨ ਕਿ ਅਕਾਲੀ ਦਲ ਦੇ ਹਜ਼ਾਰਾਂ ਵਰਕਰਾਂ ਨੂੰ ਬਿਕਰਮ ਮਜੀਠੀਆ ਦੀ ਪੇਸ਼ੀ ’ਤੇ ਜਾਣ ਤੋਂ ਰੋਕਿਆ ਗਿਆ। ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਹਾਡੇ ਕੋਲ ਇਸ ਸਮੇਂ ਪੂਰੇ ਪੰਜਾਬ ਵਿਚ ਹਜ਼ਾਰ ਵਰਕਰ ਹਨ? ਉਨ੍ਹਾਂ ਕਿਹਾ ਕਿ ਤੁਸੀਂ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਆਪਣੇ ਕਾਲੇ ਕਾਰਨਾਮਿਆਂ ਨਾਲ ਅਕਾਲੀ ਦਲ ਨੂੰ ਖਾਲੀ ਦਲ ਬਣਾ ਕੇ ਰੱਖ ਦਿੱਤਾ। ਚੀਮਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੋਈ ਵੀ ਆਗੂ ਨਸ਼ਾ ਮਾਫੀਆ ਦੇ ਖ਼ਿਲਾਫ਼ ਸਰਕਾਰ ਦੀ ਕਾਰਵਾਈ ਵਿਚ ਰੁਕਾਵਟ ਨਾ ਪੈਦਾ ਕਰੇ, ਨਹੀਂ ਤਾਂ ਅਜਿਹੇ ਸਾਰੇ ਲੋਕਾਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ। ਪੁਲਿਸ ਅਤੇ ਜਾਂਚ ਏਜੰਸੀ ਆਪਣਾ ਕੰਮ ਕਰ ਰਹੀਆਂ ਹਨ। ਉਹ ਕਾਨੂੰਨ ਮੁਤਾਬਕ ਕਿਸੇ ਨੂੰ ਗ੍ਰਿਫ਼ਤਾਰ ਕਰਦੀ ਹੈ ਅਤੇ ਉਸ ’ਤੇ ਮੁਕੱਦਮਾ ਦਾਇਰ ਕਰਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੀ ਸਰਕਾਰ ਦੇ ਸਮੇਂ ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਅਤੇ ਨੌਜਵਾਨਾਂ ਨੂੰ ਨਸ਼ੇ ਵੱਲ ਧੱਕਿਆ। ਅੱਜ ਪੰਜਾਬ ਇਨਸਾਫ ਮੰਗ ਰਿਹਾ ਹੈ ਅਤੇ ਆਪ ਸਰਕਾਰ ਉਨ੍ਹਾਂ ਸਾਰੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਅਸੀਂ ਅਜਿਹੇ ਸਾਰੇ ਲੋਕਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਾਂਗੇ ਜੋ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਰਹੇ ਹਨ। ਕਟਾਰੂਚੱਕ ਨੇ ਕਿਹਾ ਕਿ ਜਾਂਚ ਦੌਰਾਨ ਵਿਜੀਲੈਂਸ ਵਿਭਾਗ ਨੂੰ ਬਹੁਤ ਹੈਰਾਨ ਕਰਨ ਵਾਲੇ ਤੱਥ ਮਿਲੇ ਹਨ ਜੋ ਅੱਜ ਕੋਰਟ ਵਿਚ ਵੀ ਪੇਸ਼ ਕੀਤੇ ਗਏ। ਜਾਂਚ ਵਿਚ ਪਤਾ ਲੱਗਿਆ ਕਿ ਮਜੀਠੀਆ ਨੇ ਲੰਬੇ ਸਮੇਂ ਤੱਕ ਆਪਣੀਆਂ ਕਈ ਜਾਇਦਾਦਾਂ ਦੀ ਜਾਣਕਾਰੀ ਲੁਕੋਈ ਰੱਖੀ ਸੀ ਕਿਉਂਕਿ ਉਹ ਲੁੱਟ ਦੇ ਪੈਸੇ ਨਾਲ ਬਣਾਈਆਂ ਗਈਆਂ ਸਨ।



