
ਲੁਧਿਆਣਾ, 16 ਜਨਵਰੀ- ਮਹਾਨਗਰ ਵਿੱਚੋਂ ਲੰਘਦੀ ਸਿੱਧਵਾਂ ਨਹਿਰ ਤੇ ਈਸ਼ਰ ਨਗਰ ਅਤੇ ਸ਼ਿਮਲਾਪੁਰੀ ਨੂੰ ਜੋੜਣ ਲਈ ਬਣਾਏ ਗਏ ਪੁਲ਼ ਦੇ ਪਿੱਲਰਾਂ ਦੇ ਹਾਲਾਤ ਕਾਫ਼ੀ ਖਸਤਾ ਹੋ ਚੁੱਕੇ ਹਨ, ਜਿਨ੍ਹਾਂ ਨੂੰ ਦੇਖ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪੁਲ ਹੁਣ ਜ਼ਿਆਦਾ ਸਾਲ ਤਕ ਟਿਕ ਸਕੇਗਾ, ਜਦੋਂ ਕਿ ਇਸਦੇ ਨਾਲ ਹੀ ਲੁਹਾਰਾ ਪੁਲ ਤੇ ਸਵੇਰੇ ਸ਼ਾਮ ਲੱਗਦੇ ਟਰੈਫ਼ਿਕ ਜਾਮ ਨੂੰ ਦੇਖਦੇ ਹੋਏ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸਥਾਨਕ ਸਰਕਾਰਾ ਮੰਤਰੀ ਡਾ. ਰਵਜੋਤ ਸਿੰਘ ਅਤੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਪੁਲਾਂ ਨੂੰ ਚੌੜੇ ਕਰਨ ਦੇ ਕੰਮ ਦਾ ਉਦਘਾਟਨ ਕੀਤਾ ਸੀ, ਪਰ ਈਸ਼ਰ ਨਗਰ ਪੁਲ਼ ਦੇ ਚੌੜਾ ਹੋਣ ਤੋਂ ਪਹਿਲਾਂ ਹੀ ਪਿੱਲਰਾਂ ਦੇ ਹਾਲਾਤ ਇਸ ਕਦਰ ਖਰਾਬ ਹੋ ਚੁੱਕੇ ਹਨ ਕਿ ਇਨ੍ਹਾਂ ਵਿੱਚ ਪਾਇਆ ਸਰੀਆ ਵੀ ਸਾਫ਼ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ, ਜਿਸਦੇ ਕਾਰਨ 18 ਸਾਲ ਪਹਿਲਾਂ ਬਣੇ ਈਸ਼ਰ ਨਗਰ ਪੁਲ ਦੇ ਪਿੱਲਰਾਂ ਦੀ ਹਾਲਤ ਖਸਤਾ ਹੋਣੀ ਸ਼ੁਰੂ ਹੋ ਗਈ ਹੈ। ਇਸ ਪੁਲ਼ ਤੋਂ ਨਿਕਲਦੇ ਟਰੈਫ਼ਿਕ ਦੀ ਗੱਲ ਕੀਤੀ ਜਾਵੇ ਤਾਂ ਰੋਜ਼ਾਨਾ ਹੀ ਹਜ਼ਾਰਾਂ ਵਾਹਨ ਚਾਲਕ ਇਸ ਰਾਹੀਂ ਇਕ ਇਲਾਕੇ ਤੋਂ ਦੂਜੇ ਇਲਾਕੇ ਵੱਲ ਜਾਣ ਲਈ ਨਹਿਰ ਪਾਰ ਕਰਦੇ ਹਨ। ਜਦ ਕਿ ਜੇਕਰ ਖਸਤਾ ਹੋਏ ਪਿੱਲਰਾਂ ਨੂੰ ਦੇਖੀਏ ਤਾਂ ਇਸ ਜਗ੍ਹਾ ਤੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਪੁਲ ਦੇ ਹਾਲਾਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੂੰ ਇਸਤੇ ਹੈਵੀ ਟਰੈਫ਼ਿਕ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ। ਮਾਹਿਰਾਂ ਮੁਤਾਬਕ ਪਿੱਲਰ ਦੇ ਖੋਖਲਾ ਹੋਣ ਨਾਲ ਨਹਿਰ ਦਾ ਚੱਲਦਾ ਪਾਣੀ ਇਨ੍ਹਾਂ ਦੇ ਅੰਦਰ ਦਾਖ਼ਲ ਹੋ ਗਿਆ, ਜਿਸ ਨਾਲ ਪੈਦਾ ਹੋਈ ਨਮੀ ਦੇ ਚੱਲਦੇ ਪਿੱਲਰਾਂ ਵਿੱਚ ਪਾਏ ਸਰੀਏ ਨੂੰ ਜੰਗ ਲੱਗਣਾ ਸ਼ੁਰੂ ਹੋ ਗਿਆ, ਜਿਸਦਾ ਨੁਕਸਾਨ ਸਿੱਧੇ ਤੌਰ ’ਤੇ ਪੁਲ ਨੂੰ ਹੋ ਸਕਦਾ ਹੈ। ਮਾਹਿਰਾਂ ਮੁਤਾਬਕ ਪਿੱਲਰਾਂ ਦੇ ਅਜਿਹੇ ਹਾਲਾਤ ਉਦੋਂ ਬਣਦੇ ਹਨ, ਜਦੋਂ ਨਿਰਮਾਣ ਦੌਰਾਨ ਮਟੀਰੀਅਲ ਦੀ ਸਹੀ ਵਰਤੋਂ ਨਾ ਕੀਤੀ ਗਈ ਹੋਵੇ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਪੁਲ ਦਾ ਨਿਰਮਾਣ ਕਰਨ ਤੋਂ ਬਾਅਦ ਉਹ ਘੱਟ ਤੋਂ ਘੱਟ 100 ਸਾਲ ਟਿਕਦਾ ਹੈ, ਪਰ ਜੇਕਰ ਨਿਰਮਾਣ ਦੌਰਾਨ ਮਾੜਾ ਮਟੀਰੀਅਲ ਜਾਂ ਸਹੀ ਮਿਕਸਿੰਗ ਨਾ ਕੀਤੀ ਗਈ ਹੋਵੇ ਤਾਂ ਉਸਦੇ ਹਾਲਾਤ ਕੁਝ ਸਾਲਾਂ ਵਿੱਚ ਹੀ ਈਸ਼ਰ ਨਗਰ ਅਤੇ ਸ਼ਿਮਲਾਪੁਰੀ ਨੂੰ ਜੋੜਣ ਵਾਲੇ ਨਹਿਰ ਦੇ ਪੁਲ ਵਰਗੇ ਹੋ ਜਾਂਦੇ ਹਨ। ਇਸ ਸਬੰਧੀ ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸੰਦੀਪ ਮਾਂਗਟ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਉਨ੍ਹਾਂ ਵੱਲੋਂ ਇਸਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਪੁਲ ਦੇ ਪਿੱਲਰਾਂ ਦੇ ਹੋਏ ਅਜਿਹੇ ਹਾਲਾਤ ਸਬੰਧੀ ਉਨ੍ਹਾਂ ਵੱਲੋਂ ਵਿਸਥਾਰ ਵਿੱਚ ਰਿਪੋਰਟ ਕੀਤੀ ਜਾਵੇਗੀ। ਇਸ ਦੌਰਾਨ ਜੋ ਵੀ ਲਾਪਰਵਾਹੀ ਸਾਹਮਣੇ ਆਵੇਗੀ, ਉਸਦੇ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਧਰ ਇਸ ਮਾਮਲੇ ਸਬੰਧੀ ਪਬਲਿਕ ਐਕਸ਼ਨ ਕਮੇਟੀ ਦੇ ਇੰਜੀਨੀਅਰ ਕਪਿਲ ਅਰੋੜਾ ਅਤੇ ਕੁਲਦੀਪ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਕੋਲ ਕਰਨਗੇ ਤਾਂ ਜੋ ਇਸਦੀ ਸਹੀ ਤਰੀਕੇ ਨਾਲ ਜਾਂਚ ਹੋ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੁਲ ਦੇ ਨਿਰਮਾਣ ਦੌਰਾਨ ਵਰਤੀਆਂ ਗਈਆਂ ਕੁਤਾਹੀਆਂ ਤੇ ਹੋਏ ਭ੍ਰਿਸ਼ਟਾਚਾਰ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸੇ ਲਈ ਉਹ ਮਾਮਲਾ ਵਿਜੀਲੈਂਸ ਕੋਲ ਲੈ ਕੇ ਜਾਣਗੇ। ਹੁਣ ਦੇਖਣਾ ਹੋਵੇਗਾ ਕਿ ਹਜ਼ਾਰਾਂ ਰਾਹਗੀਰਾਂ ਨੂੰ ਉਨ੍ਹਾਂ ਦੀ ਮੰਜਿਲ ਵੱਲ ਜਾਣ ਲਈ ਨਹਿਰ ਨੂੰ ਪਾਰ ਕਰਵਾਉਣ ਵਾਲੇ ਪੁਲ ਦੇ ਪਿੱਲਰਾਂ ਦੇ ਹੋਏ ਅਜਿਹੇ ਹਾਲਾਤ ਨੂੰ ਨਹਿਰੀ ਵਿਭਾਗ ਵੱਲੋਂ ਕਿਸ ਤਰੀਕੇ ਨਾਲ ਸਹੀ ਕਰਵਾਇਆ ਜਾਂਦਾ ਹੈ।



