
ਮਮਦੋਟ, 24 ਜੂਨ : ਫਿਰੋਜ਼ਪੁਰ-ਫਾਜ਼ਿਲਕਾ ਮਾਰਗ ’ਤੇ ਪੈਂਦੇ ਪਿੰਡ ਪੀਰ ਖਾਂ ਸ਼ੇਖ ਕੋਲ ਦੋ ਕਾਰਾਂ ਦੀ ਹੋਈ ਆਹਮੋ ਸਾਹਮਣੀ ਟੱਕਰ ਵਿਚ ਇਕ ਮਹਿਲਾ ਤੇ ਇਕ ਸਬ ਇੰਸਪੈਕਟਰ ਦੀ ਮੌਤ ਅਤੇ ਪੰਜ ਤੋਂ ਛੇ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਹਾਦਸਾ ਇਸ ਕਦਰ ਖਤਰਨਾਕ ਸੀ ਕਿ ਦੋਵੇਂ ਕਾਰ ਬੂਰੀ ਤਰਾਂ ਨੁਕਸਾਨੀਆਂ ਗਈਆਂ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਦੇਰ ਸ਼ਾਮ ਜਲਾਲਾਬਾਦ ਵਾਲੇ ਪਾਸਿੳਂ ਆਉਂਦੀ ਇਕ ਦਿੱਲੀ ਨੰਬਰ ਦੀ ਸਿਆਜ਼ ਕਾਰ ਅਤੇ ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾਂਦੀ ਇਕ ਕਰੇਟਾ ਕਾਰ ਆਪਸ ਵਿਚ ਟਕਰਾ ਗਈਆਂ । ਵੇਖਦਿਆਂ ਹੀ ਵੇਖਦਿਆਂ ਦੋਵੇਂ ਪਾਸੇ ਟਰੇਫਿਕ ਜਾਮ ਹੋ ਗਿਆ। ਮੌਕੇ ’ਤੇ ਮੋਜੂਦ ਲੋਕਾਂ ਵੱਲੋਂ ਜ਼ਖ਼ਮੀਆਂ ਨੂੰ ਗੱਡੀਆਂ ਵਿਚੋਂ ਕੱਢਿਆ ਗਿਆ। ਇਸ ਦੌਰਾਨ ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਐਂਬੂਲੈਂਸ ਜਰੀਏ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਅਨੁਸਾਰ ਫਿਰੋਜ਼ਪੁਰ ਵਾਲੇ ਪਾਸਿਓਂ ਜਾ ਰਹੀ ਕਾਲੀ ਕਰੇਟਾ ਕਾਰ ਨੂੰ ਪੁਲਿਸ ਦਾ ਕੋਈ ਸਬ ਇੰਸਪੈਕਟਰ ਚਲਾ ਰਿਹਾ ਸੀ। ਦੂਜੇ ਪਾਸੇ ਸਿਆਜ਼ ਕਾਰ ਨਾਲ ਸਬੰਧਤ ਮ੍ਰਿਤਕਾ ਅਤੇ ਜ਼ਖ਼ਮੀ ਗੁਰੂਹਰਸਹਾਏ ਦੇ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਵਿਚੋਂ 2 ਜਣਿਆਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ।
ਹਾਦਸੇ ‘ਚ 2 ਜਣਿਆਂ ਦੀ ਮੌਤ
ਹਾਦਸੇ ਸਬੰਧੀ ਇੱਕ ਹੋਰ ਵੱਡੀ ਜਾਣਕਾਰੀ ਇਹ ਮਿਲ ਰਹੀ ਹੈ ਕਿ ਦੋਵਾਂ ਕਾਰਾਂ ‘ਚ ਗੰਭੀਰ ਜ਼ਖ਼ਮੀਆਂ ਵਿੱਚੋਂ 2 ਜਣਿਆਂ ਦੀ ਮੌਤ ਹੋ ਚੁੱਕੀ ਹੈ। ਇੱਕ ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਤਰਨਤਾਰਨ ਦੱਸਿਆ ਜਾ ਰਿਹਾ ਹੈ ਜੋ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਵਜੋਂ ਜ਼ਿਲ੍ਹਾ ਫਾਜ਼ਿਲਕਾ ਵਿਖੇ ਤੈਨਾਤ ਸੀ ਅਤੇ ਵਾਪਸ ਜਾ ਰਹੇ ਸਨ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਇੱਕ ਹੋਰ ਮ੍ਰਿਤਕ ਔਰਤ ਦੇ ਪਛਾਣ ਨਹੀਂ ਹੋ ਸਕੀ। ਬਾਕੀ ਜ਼ਖ਼ਮੀ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।



