Punjab

ਨਸ਼ਾ ਛੁਡਾਊ ਦਵਾਈ ਨਾ ਮਿਲਣ ਦੇ ਰੋਸ ਚ ਮਰੀਜ਼ਾਂ ਨੇ ਕੀਤੀ ਐਮਰਜੈਂਸੀ ਨੂੰ ਜਾਂਦੀ ਸੜਕ ਜਾਮ, ਕੀਤੀ ਨਾਅਰੇਬਾਜ਼ੀ

ਰੂਪਨਗਰ, 27 ਮਈ- ਸਿਵਲ ਹਸਪਤਾਲ ਰੂਪਨਗਰ ਦੇ ਨਸ਼ਾ ਛੁਡਾਊ ਕੇਂਦਰ ਵਿਚ ਦਵਾਈ ਨਾ ਮਿਲਣ ਤੇ ਮਰੀਜ਼ਾਂ ਨੇ ਐਮਰਜੈਂਸੀ ਨੂੰ ਜਾਂਦੀ ਸੜਕ ਨੂੰ ਜਾਮ ਕਰ ਐਮਰਜੈਸੀ ਆਉਣ ਵਾਲੇ ਮਰੀਜ਼ਾਂ ਨੂੰ ਕਰੀਬ ਅੱਧਾ ਘੰਟਾ ਨਹੀ ਜਾਣ ਦਿੱਤਾ । ਜਿਸ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨ ਪਿਆ। ਜਦਕਿ ਧਰਨਾਕਾਰੀਆਂ ਵਲੋਂ ਐਂਬੂਲੈਂਸ ਸੇਵਾ ਵਿਚ ਕੋਈ ਵਿਘਨ ਨਹੀਂ ਆਉਣ ਦਿੱਤਾ। ਮਰੀਜ਼ਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਸਿਵਲ ਸਰਜਨ ਡਾ. ਸਵਪਨਜੀਤ ਕੌਰ ਧਰਨਾਕਾਰੀਆਂ ਵਿਚ ਪਹੁੰਚੇ ਅਤੇ ਧਰਨੇ ਨੂੰ ਸਮਾਪਤ ਕਰਵਾਇਆ। ਇਸ ਮੌਕੇ ਬਖਸ਼ੀਸ਼ ਸਿੰਘ ਪਿੰਡ ਨਾਨੋਵਾਲ, ਕੁਲਵੰਤ ਸਿੰਘ ਪਿੰਡ ਬਡਿਆਲਾ, ਜਸਵੀਰ ਸਿੰਘ ਬਿੱਟੂ ਪਿੰਡ ਬੜੀ ਝੱਲੀਆਂ, ਪਰਦੀਪ ਕੁਮਾਰ ਪਿੰਡ ਬੜੀ ਝੱਲੀਆਂ, ਗੁਰਮੁੱਖ ਸਿੰਘ ਪਿੰਡ ਮੀਰਪੁਰ ਆਦਿ ਨੇ ਦੱਸਿਆ ਕਿ ਸਿਵਲ ਹਸਪਤਾਲ ਰੂਪਨਗਰ ਵਿਖੇ ਨਸ਼ਾ ਛੁਡਾਊ ਇਲਾਜ ਅਧੀਨ ਮਰੀਜ਼ਾਂ ਨੂੰ ਦਵਾਈ ਨਹੀਂ ਮਿਲ ਰਹੀ। ਉਹ ਸ਼ਨੀਵਾਰ ਨੂੰ ਵੀ ਦਵਾਈ ਲੈਣ ਆਏ ਹੋਏ ਸਨ ਪਰ ਸਾਰਾ ਦਿਨ ਪੋਰਟਲ ਨਾ ਚੱਲਣ ਕਾਰਨ ਉਨ੍ਹਾਂ ਨੂੰ ਦਵਾਈ ਨਹੀਂ ਮਿਲੀ ਸੀ। ਜਿਸ ਕਾਰਨ ਉਹ ਅੱਜ ਫਿਰ ਦਵਾਈ ਲੈਣ ਲਈ ਸਿਵਲ ਹਸਪਤਾਲ ਰੂਪਨਗਰ ਵਿਖੇ ਪਹੁੰਚੇ ਸਨ ਪਰ ਅੱਜ ਵੀ ਉਨ੍ਹਾਂ ਨੂੰ ਪੋਰਟਲ ਨਾ ਚੱਲਣ ਕਾਰਨ ਦਵਾਈ ਨਹੀਂ ਮਿਲੀ, ਜਿਸ ਦੇ ਰੋਸ ਵਜੋਂ ਡੀ-ਅਡੀਕਸ਼ਨ ਮਰੀਜ਼ਾਂ ਨੇ ਐਮਰਜੈਂਸੀ ਰੋਡ ਤੇ ਸੜਕ ਜਾਮ ਕਰਕੇ ਧਰਨਾ ਲਗਾਇਆ। ਸਿਵਲ ਹਸਪਤਾਲ ਰੂਪਨਗਰ ਵਿਖੇ ਦਵਾਈ ਲੈਣ ਪੁੱਜੇ ਬਖਸ਼ੀਸ਼ ਸਿੰਘ ਪਿੰਡ ਨਾਨੋਵਾਲ ਨੇ ਦੱਸਿਆ ਕਿ ਉਹ 35 ਕਿਲੋਮੀਟਰ ਦੂਰ ਤੋਂ ਸ਼ਨੀਵਾਰ ਨੂੰ ਵੀ ਦਵਾਈ ਲੈਣ ਲਈ ਆਏ ਸਨ ਪਰ ਅੱਜ ਸੋਮਵਾਰ ਦੀ ਤਰ੍ਹਾਂ ਉਸ ਦਿਨ ਵੀ ਉਨ੍ਹਾਂ ਨੂੰ ਦਵਾਈ ਨਹੀਂ ਮਿਲ ਸਕੀ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਰੇ ਕੰੰਮ ਕਾਜ ਛੱਡ ਕੇ ਸਪੈਸ਼ਲ ਦਵਾਈ ਲੈਣ ਲਈ ਆਏ ਹਨ ਪਰ ਦਵਾਈ ਨਾ ਮਿਲਣ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਕੁਲਵੰਤ ਸਿੰਘ ਪਿੰਡ ਬਡਿਆਲਾ ਨੇ ਦੱਸਿਆ ਕਿ ਸਰਕਾਰ ਵਲੋਂ ਚਲਾਈ ਨਸ਼ਿਆਂ ਵਿਰੁੱਧ ਮੁਹਿੰਮ ਮਹਿਜ਼ ਇਕ ਦਿਖਾਵਾ ਹੈ। ਸਰਕਾਰ ਪਹਿਲਾਂ ਤਾਂ ਨਸ਼ਿਆਂ ਨੂੰ ਛੱਡਣ ਲਈ ਪ੍ਰੇਰਿਤ ਕਰਦੀ ਹੈ ਪਰ ਜਦੋਂ ਮਰੀਜ਼ ਨਸ਼ਾ ਛੱਡਣ ਲਈ ਦਵਾਈ ਦਾ ਸੇਵਨ ਕਰਨ ਲੱਗ ਜਾਂਦਾ ਹੈ ਤਾਂ ਉਸ ਨੂੰ ਸਮੇਂ ਸਿਰ ਦਵਾਈ ਵੀ ਨਹੀਂ ਮਿਲਦੀ। ਇਹ ਸਰਕਾਰ ਅਤੇ ਹਸਪਤਾਲ ਪ੍ਰਸ਼ਾਸਨ ਦੀ ਨਾਕਾਮੀ ਹੈ। ਪਰਦੀਪ ਕੁਮਾਰ ਪਿੰਡ ਬੜੀ ਝੱਲੀਆਂ ਨੇ ਕਿਹਾ ਕਿ ਜੇਕਰ ਹਸਪਤਾਲ ਦਾ ਪੋਰਟਲ ਨਹੀਂ ਚੱਲ ਰਿਹਾ ਤਾਂ ਹਸਪਤਾਲ ਪ੍ਰਸ਼ਾਸਨ ਨੂੰ ਪਹਿਲਾਂ ਦੀ ਤਰ੍ਹਾਂ ਆਧਾਰ ਕਾਰਡ ਦੇਖ ਕੇ ਦਵਾਈ ਦੇ ਦੇਣੀ ਚਾਹੀਦੀ ਹੈ। ਹਸਪਤਾਲ ਪ੍ਰਸ਼ਾਸਨ ਕੋਲ ਸਾਰੇ ਮਰੀਜ਼ਾਂ ਦਾ ਡਾਟਾ ਉਪਲਬੱਧ ਹੈ। ਡੀ ਅਡੀਕਸ਼ਨ ਮਰੀਜ਼ਾਂ ਵਲੋਂ ਲਗਾਏ ਗਏ ਧਰਨੇ ਦੌਰਾਨ ਮੌਕੇ ਤੇ ਪਹੁੰਚੇ ਸਿਵਲ ਸਰਜਨ ਡਾ. ਸਵਪਨਜੀਤ ਕੌਰ ਨੇ ਮਰੀਜ਼ਾਂ ਨੂੰ ਸਮਝਾ ਕੇ ਧਰਨਾ ਚੁਕਵਾਇਆ ਅਤੇ ਐਸਐਮਓ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਸਮੱਸਿਆ ਦਾ ਤੁਰੰਤ ਹੱਲ ਕਰਨ ਲਈ ਕਿਹਾ। ਸਿਵਲ ਸਰਜਨ ਡਾ ਸਵਪਨਜੀਤ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਮਰੀਜ਼ਾ ਦੀ ਸਹੂਲਤ ਲਈ ਆਨਲਾਇਨ ਪੋਰਟਲ ‘ਤੇ ਵੈਬਕੈਮ ਰਾਂਹੀ ਫੋਟੋ ਕਰਕੇ ਰਜਿਸਟਰੇਸ਼ਨ ਕਰਨ ਉਪਰੰਤ ਦਵਾਈ ਦਿੱਤੀ ਜਾਣੀ ਪਰ ਕਿਸੇ ਤਕਨੀਕੀ ਕਾਰਨ ਪੋਰਟਲ ਤੇ ਦਿੱਕਤ ਆਈ ਹੈ। ਜਿਸ ਕਾਰਨ ਮਰੀਜ਼ਾ ਨੂੰ ਦਵਾਈ ਦੇਣ ਵਿਚ ਮੁਸ਼ਕਿਲ ਆਈ ਹੈ ਜਿਸ ਨੂੰ ਅੱਜ ਹੀ ਹੱਲ ਕੀਤਾ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button