Punjab

ਕਮਲ ਕੌਰ ਹਤਿਆਕਾਂਡ : ਮੁਲਜ਼ਮ ਅੰਮ੍ਰਿਤਪਾਲ ਮਹਿਰੋਂ ਦੀ ਹਵਾਲਗੀ ਪ੍ਰਕਿਰਿਆ ਸ਼ੁਰੂ, ਬਠਿੰਡਾ ਪੁਲਿਸ ਨੇ UAE ਤੋਂ ਮੰਗੀ ਗ੍ਰਿਫਤਾਰੀ

ਬਠਿੰਡਾ, 24 ਜੂਨ : ਇੰਟਰਨੈੱਟ ਮੀਡੀਆ ‘ਤੇ ਵਿਵਾਦਤ ਅਤੇ ਅਸ਼ਲੀਲ ਵੀਡੀਓ ਅਪਲੋਡ ਕਰਨ ਵਾਲੀ ਲੁਧਿਆਣਾ ਦੇ ਲਕਸ਼ਮਣ ਨਗਰ ਦੀ ਨਿਵਾਸੀ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਹੱਤਿਆ ਦੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸੰਯੁਕਤ ਅਰਬ ਅਮੀਰਾਤ (UAE) ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਬਠਿੰਡਾ ਪੁਲਿਸ ਨੇ ਬੀਤੇ ਦਿਨ ਪੰਜਾਬ ਪੁਲਿਸ ਦੇ ਬਿਊਰੋ ਆਫ਼ ਇਨਵੈਸਟਿਗੇਸ਼ਨ (BOI) ਨੂੰ ਇਕ ਵਿਸਤ੍ਰਿਤ ਰਿਪੋਰਟ ਸੌਂਪ ਕੇ ਮਹਿਰੋਂ ਦੀ ਹਵਾਲਗੀ ਦੀ ਅਧਿਕਾਰਤ ਮੰਗ ਕੀਤੀ ਹੈ। ਕੌਮ ਦੇ ਰਾਖੇ ਨਾਮਕ ਕੱਟੜਪੰਥੀ ਸੰਗਠਨ ਦਾ ਮੁਖੀ ਅੰਮ੍ਰਿਤਪਾਲ ਸਿੰਘ ਮਹਿਰੋਂ ਇਸ ਸਨਸਨੀਖੇਜ਼ ਹੱਤਿਆਕਾਂਡ ਦਾ ਮਾਸਟਰਮਾਈਂਡ ਮੰਨਿਆ ਜਾ ਰਿਹਾ ਹੈ। ਪੁਲਿਸ ਨੇ 17 ਜੂਨ ਨੂੰ ਸਥਾਨਕ ਅਦਾਲਤ ਤੋਂ ਉਸ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਵੀ ਪ੍ਰਾਪਤ ਕਰ ਲਿਆ ਸੀ। ਦੋਸ਼ ਹੈ ਕਿ ਮਹਿਰੋਂ ਨੇ ਇੰਟਰਨੈੱਟ ਮੀਡੀਆ ‘ਤੇ ਹੱਤਿਆ ਦੀ ਜ਼ਿੰਮੇਵਾਰੀ ਲੈਂਦਿਆਂ ਵੀਡੀਓ ਤੇ ਆਡੀਓ ਕਲਿੱਪ ਪੋਸਟ ਕੀਤੀਆਂ, ਜਿਨ੍ਹਾਂ ਵਿਚ ਧਮਕੀਆਂ ਤੇ ਇਤਰਾਜ਼ਯੋਗ ਟਿੱਪਣੀਆਂ ਵੀ ਸ਼ਾਮਲ ਸਨ। ਐਸਐਸਪੀ ਅਮਨੀਤ ਕੌਂਡਲ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਪੁਲਿਸ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਪੱਤਰ ਭੇਜਿਆ ਗਿਆ ਹੈ, ਜਿਸ ਵਿਚ ਹੱਤਿਆ ਤੇ ਮੁਲਮਜ਼ ਦੀ ਭੂਮਿਕਾ ਨਾਲ ਜੁੜੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਇਹ ਪੱਤਰ ਇੰਟਰਪੋਲ ਦੀ ਮਦਦ ਨਾਲ ਉਸ ਦੀ ਵਿਦੇਸ਼ ‘ਚ ਗ੍ਰਿਫਤਾਰੀ ਲਈ ਮਹੱਤਵਪੂਰਨ ਸਾਬਿਤ ਹੋਵੇਗਾ। ਹਾਲਾਂਕਿ ਉਨ੍ਹਾਂ ਪੱਤਰ ਦੀ ਵਿਸਤ੍ਰਿਤ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ।

ਹੱਤਿਆ ਦੀ ਰਾਤ ਤੋਂ ਮੁਲਜ਼ਮ ਫਰਾਰ

ਦੱਸ ਦੇਈਏ ਕਿ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਹੱਤਿਆ ਬੀਤੀ 9 ਅਤੇ 10 ਜੂਨ ਦੀ ਮੱਧ ਰਾਤ ਨੂੰ ਕੀਤੀ ਗਈ ਸੀ। ਅਮ੍ਰਿਤਪਾਲ ਮਹਿਰੋਂ ਨੇ ਆਪਣੇ ਸਾਥੀਆਂ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਸਿੰਘ ਦੇ ਨਾਲ ਮਿਲ ਕੇ ਕੰਚਨ ਦੀ ਕਾਰ ‘ਚ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸ ਦਾ ਸਰੀਰ ਭੁੱਚੋ ਸਥਿਤ ਆਦਰਸ਼ ਮੈਡੀਕਲ ਲੇਜ ਤੇ ਹਸਪਤਾਲ ਦੀ ਕਾਰ ਪਾਰਕਿੰਗ ‘ਚ ਛੱਡ ਕੇ ਫਰਾਰ ਹੋ ਗਏ ਸਨ ਜੋ ਕਿ 11 ਜੂਨ ਦੀ ਸ਼ਾਮ ਨੂੰ ਬਰਾਮਦ ਹੋਇਆ ਸੀ। ਪੁਲਿਸ ਅਨੁਸਾਰ, ਕੰਚਨ ਦੀ ਇੰਟਰਨੈੱਟ ਮੀਡੀਆ ਪੋਸਟਾਂ ਨੂੰ ਲੈ ਕੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਹਵਾਲਾ ਦੇ ਕੇ ਇਹ ਹੱਤਿਆ ਕੀਤੀ ਗਈ। ਇਸਨੂੰ “ਅਣ-ਅਧਿਕਾਰਤ ਨੈਤਿਕ ਪੁਲਿਸਿੰਗ” (ਮੋਰਲ ਪੁਲਿਸਿੰਗ) ਦਾ ਨਾਂ ਦਿੱਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button