Punjab

ਭੂਆ ਦਾ ਪੁੱਤ ਹੀ ਨਿਕਲਿਆ ਆਰੀਅਨ ਦਾ ਕਾਤਲ, 24 ਘੰਟਿਆਂ ‘ਚ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ

ਗੜ੍ਹਸ਼ੰਕਰ/ਬੀਣੇਵਾਲ, 21 ਜੂਨ : ਗੜ੍ਹਸ਼ੰਕਰ ਨੰਗਲ ਰੋਡ ‘ਤੇ ਸ਼ਾਹਪੁਰ ਘਾਟੇ ਲਾਗੇ ਬੁੱਧਵਾਰ ਰਾਤ ਮੋਟਰਸਾਈਕਲ ਸਵਾਰਾਂ ਵੱਲੋਂ ਇੱਕ ਕਾਰ ਵਿੱਚ ਜਾ ਰਹੇ ਦੋ ਵਿਅਕਤੀਆਂ ਵਿੱਚੋਂ ਇੱਕ 20 ਸਾਲਾ ਨੌਜਵਾਨ ਆਰੀਅਨ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੁਲਜ਼ਮਾਂ ਨੂੰ ਟਰੇਸ ਕਰਨ ਲਈ ਐੱਸਐੱਸਪੀ ਹੁਸ਼ਿਆਰਪੁਰ ਸੰਦੀਪ ਮਲਿਕ ਵੱਲੋਂ ਐੱਸਪੀ (ਤਫਤੀਸ਼) ਡਾ਼ ਮੁਕੇਸ਼ ਕੁਮਾਰ ਅਤੇ ਡੀਐੱਸਪੀ ਗੜ੍ਹਸ਼ੰਕਰ ਸਬ ਡਵੀਜ਼ਨ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਥਾਣਾ ਗੜ੍ਹਸ਼ੰਕਰ ਅਤੇ ਥਾਣਾ ਮਾਹਿਲਪੁਰ ਦੀ ਟੀਮ ਗਠਿਤ ਕੀਤੀ ਗਈ ਸੀ। ਇਸ ਟੀਮ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈਣ ‘ਤੇ ਘਟਨਾ ਸਥਾਨ ਨੂੰ ਜਾਂਦੇ ਰਸਤਿਆਂ ਨੂੰ ਤਕਨੀਕੀ ਤਰੀਕੇ ਨਾਲ ਜਾਂਚ ਕਰਨ ‘ਤੇ ਪਾਇਆ ਕਿ ਆਰੀਅਨ ਦਾ ਭੂਆ ਦਾ ਲੜਕਾ ਨਵੀਨ ਕੁਮਾਰ ਰੈਡੀਮੇਡ ਕੱਪੜੇ ਦੀ ਦੁਕਾਨ ਅੱਡਾ ਝੁੰਗੀਆਂ ਬੀਣੇਵਾਲ ਥਾਣਾ ਗੜ੍ਹਸ਼ੰਕਰ ਵਿਖੇ ਕਰਦਾ ਸੀ। ਉਸ ਦੀ ਦੁਕਾਨ ‘ਤੇ ਉਸਦੇ ਮਾਮੇ ਦਾ ਲੜਕਾ ਆਰੀਅਨ ਪੁੱਤਰ ਅਮਿਤ ਕੁਮਾਰ ਵਾਸੀ ਸੀਹਵਾਂ ਥਾਣਾ ਗੜ੍ਹਸ਼ੰਕਰ ਕੰਮ ਕਰਦਾ ਸੀ ਜੋ ਹੁਣ ਆਪਣੀ ਦੁਕਾਨ ਅੱਡਾ ਝੁੰਗੀਆਂ ਵਿਖੇ ਕਰਨਾ ਚਾਹੁੰਦਾ ਸੀ। ਨਵੀਨ ਕੁਮਾਰ ਦੇ ਸਾਰੇ ਗਾਹਕਾਂ ਨਾਲ ਆਰਿਅਨ ਦਾ ਬਹੁਤ ਮੇਲਜੋਲ ਸੀ ਜਿਸ ਕਾਰਨ ਬਰਾਬਰ ਦੁਕਾਨ ਖੁੱਲਣ ਨਾਲ ਉਸ ਦੀ ਦੁਕਾਨ ਦੀ ਸੇਲ ਨੂੰ ਬਹੁਤ ਨੁਕਸਾਨ ਹੋਣਾ ਸੀ। ਇਸੇ ਕਾਰਨ ਨਵੀਨ ਕੁਮਾਰ ਨੇ ਆਪਣੇ ਮਾਮੇ ਦੇ ਲੜਕੇ ਆਰੀਅਨ ਨੂੰ ਮਾਰ ਦੇਣ ਦੀ ਨੀਅਤ ਨਾਲ ਨੰਗਲ ਰੋਡ ਸ਼ਾਹਪੁਰ ਘਾਟੇ ‘ਤੇ ਸੁੰਨਸਾਨ ਜਗ੍ਹਾ ਤੇ ਬਹਾਨਾ ਲਗਾ ਕੇ ਆਪਣੀ ਕਾਰ ਰੋਕ ਲਈ। ਉਸ ਨੇ ਆਪਣੇ 32 ਬੋਰ ਦੇ ਨਜਾਇਜ਼ ਪਿਸਤੌਲ ਨਾਲ ਆਰੀਅਨ ਦੇ ਸਿਰ ਅਤੇ ਛਾਤੀ ਵਿੱਚ ਦੋ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਸਿਰੇ ਚਾੜ੍ਹਨ ਵਿੱਚ ਨਵੀਨ ਕੁਮਾਰ ਵੱਲੋਂ ਇਹ ਪਿਸਤੌਲ ਗੁਰਮੁੱਖ ਪੁੱਤਰ ਸੋਮਨਾਥ ਅਤੇ ਗੁਰਦੀਪ ਪੁੱਤਰ ਸੋਮਨਾਥ ਵਾਸੀਆਨ ਮਹਿੰਦਵਾਣੀ ਤੋਂ ਲਿਆ ਗਿਆ ਸੀ। ਪੁਲਿਸ ਨੇ ਨਵੀਨ ਕੁਮਾਰ ਵੱਲੋਂ ਵਾਰਦਾਤ ਲਈ ਵਰਤਿਆ ਗਿਆ ਪਿਸਤੌਲ, ਇਕ ਰੌਂਦ ਜਿੰਦਾ, ਇੱਕ ਚੱਲਿਆ ਹੋਇਆ ਕਾਰਤੂਸ ਅਤੇ ਸਵਿਫਟ ਕਾਰ ਬਰਾਮਦ ਕਰ ਲਈ ਅਤੇ ਪਿਸਤੌਲ ਮੁਹੱਈਆ ਕਰਵਾਉਣ ਵਾਲੇ ਮੁਲਜ਼ਮਾਂ ਗੁਰਮੁਖ ਦੇ ਗੁਰਦੀਪ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਜਿਸ ਕਾਰ ਰਾਹੀਂ ਗੁਰਮੁਖ ੳਤੇ ਗੁਰਦੀਪ ਵੱਲੋਂ ਨਵੀਨ ਕੁਮਾਰ ਨੂੰ ਪਿਸਟਲ ਮੁਹੱਈਆ ਕਰਵਾਇਆ ਗਿਆ ਸੀ ਪੁਲਿਸ ਨੇ ਉਸ ਨੂੰ ਵੀ ਹਿਰਾਸਤ ਵਿੱਚ ਲੈ ਲਿਆ। ਉਨ੍ਹਾ ਦੱਸਿਆ ਕਿ ਇੱਕ ਦੋਸ਼ੀ ’ਤੇ ਪਹਿਲਾਂ ਵੀ ਮਾਮਲੇ ਦਰਜ ਹਨ। ਇਸ ਮੌਕੇ ਐੱਸਪੀ ਡਾ ਮੁਕੇਸ਼ ਕੁਮਾਰ, ਇੰਸਪੈਕਟਰ ਗੁਰਪ੍ਰੀਤ ਸਿੰਘ ਸੀਆਈਏ ਸਟਾਫ਼ ਅਤੇ ਪੁਲਿਸ ਪਾਰਟੀ ਵੀ ਹਾਜ਼ਰ ਸੀ।

Related Articles

Leave a Reply

Your email address will not be published. Required fields are marked *

Back to top button