Punjab

ਕੰਟੋਨਮੈਂਟ ਸਟੇਡੀਅਮ ਵਿਖੇ ਮਨਾਇਆ ਗਿਆ 11ਵਾਂ ਕੌਮਾਂਤਰੀ ਜ਼ਿਲ੍ਹਾ ਪੱਧਰੀ ਯੋਗ ਦਿਵਸ

ਬਾਲ ਕਿਸ਼ਨ

ਫਿਰੋਜ਼ਪੁਰ, 21 ਜੂਨ : 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸ਼ਨੀਚਰਵਾਰ ਨੂੰ ‘ਸੀਐੱਮ ਦੀ ਯੋਗਸ਼ਾਲਾ’ ਤਹਿਤ ਫਿਰੋਜ਼ਪੁਰ ਛਾਉਣੀ ਸਥਿਤ ਕੰਟੋਨਮੈਂਟ ਸਟੇਡੀਅਮ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਯੋਗ ਫਾਰ ਵਨ ਅਰਥ, ਵਨ ਹੈਲਥ ਥੀਮ ਹੇਠ ਹੋਏ ਇਸ ਸਮਾਗਮ ਵਿੱਚ ਜ਼ਿਲ੍ਹੇ ਦੇ 500 ਤੋਂ ਵੱਧ ਲੋਕਾਂ ਨੇ ਭਾਗ ਲਿਆ। ਸਮਾਗਮ ਵਿੱਚ ਵਿਧਾਇਕ ਗੁਰੂਹਰਸਹਾਏ ਫੌਜਾ ਸਿੰਘ ਸਰਾਰੀ, ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ, ਡਾ. ਅਮਨਦੀਪ ਕੌਰ ਗੋਸਲ ਧਰਮਪਤਨੀ ਵਿਧਾਇਕ ਰਣਬੀਰ ਭੁੱਲਰ (ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਹਲਕਾ ਫਿਰੋਜ਼ਪੁਰ ਸ਼ਹਿਰੀ)ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਨ੍ਹਾਂ ਨੇ ਲੋਕਾਂ ਨਾਲ ਮਿਲ ਕੇ ਯੋਗ ਅਭਿਆਸ ਵੀ ਕੀਤਾ। ਯੋਗ ਅਭਿਆਸ ਉਪਰੰਤ ਵਿਧਾਇਕ ਸਰਾਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਧੁਨਿਕ ਜੀਵਨ ਸ਼ੈਲੀ ਕਾਰਨ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਵਧ ਰਹੀਆਂ ਹਨ। ਅਜਿਹੀ ਸਥਿਤੀ ਚ ਯੋਗ ਇਕ ਸਧਾਰਨ ਪਰ ਪ੍ਰਭਾਵਸ਼ਾਲੀ ਢੰਗ ਹੈ ਜੋ ਇਨਸਾਨ ਨੂੰ ਤੰਦਰੁਸਤ ਰੱਖਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ‘ਯੋਗਸ਼ਾਲਾ’ ਮੁਹਿੰਮ ਦੀ ਵੀ ਸਰਾਹਨਾ ਕੀਤੀ, ਜੋ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਲਈ ਹਰ ਜ਼ਿਲ੍ਹੇ ਵਿੱਚ ਮੁਫ਼ਤ ਯੋਗ ਕਲਾਸਾਂ ਚਲਾ ਰਹੀ ਹੈ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਯੋਗ ਸਿਰਫ਼ ਸਰੀਰਕ ਅਭਿਆਸ ਨਹੀਂ, ਸਗੋਂ ਇਹ ਮਨ, ਸਰੀਰ ਅਤੇ ਆਤਮਾ ਨੂੰ ਸੰਤੁਲਨ ਵਿੱਚ ਰੱਖਣ ਵਾਲਾ ਪੂਰਾ ਵਿਗਿਆਨ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਯੋਗ ਸ਼ਾਮਿਲ ਕਰਨ ਦੀ ਅਪੀਲ ਕੀਤੀ। ਯੋਗ ਆਚਾਰਿਆ ਪ੍ਰਮੋਦ ਮੋਂਗਾ ਨੇ ਵੱਖ-ਵੱਖ ਆਸਨਾਂ ਦੀ ਵਿਆਖਿਆ ਕੀਤੀ ਅਤੇ ਦੱਸਿਆ ਕਿ ਪ੍ਰਾਣਾਯਾਮ, ਧਿਆਨ ਅਤੇ ਆਸਨ ਇਕੱਠੇ ਹੋ ਕੇ ਵਿਅਕਤੀ ਨੂੰ ਕੇਵਲ ਤੰਦਰੁਸਤ ਹੀ ਨਹੀਂ, ਸਗੋਂ ਆਤਮਿਕ ਤੌਰ ’ਤੇ ਵੀ ਸਚੇਤ ਬਣਾਉਂਦੇ ਹਨ। ਇਸ ਮੌਕੇ ਹਾਜ਼ਰ ਹੋਰ ਮਹੱਤਵਪੂਰਣ ਅਧਿਕਾਰੀਆਂ ਵਿੱਚ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ, ਮਿਸ ਲਿੰਧਿਆ (ਆਈਏਐੱਸ ਅੰਡਰ ਟ੍ਰੇਨਿੰਗ), ਐੱਸ.ਡੀ.ਐੱਮ. ਗੁਰਮੀਤ ਸਿੰਘ ਮਾਨ, ਐੱਸ.ਪੀ. ਨਵੀਨ ਕੁਮਾਰ,ਸਹਾਇਕ ਕਮਿਸ਼ਨਰ ਹਰਜੋਤ ਕੋਰ, ਡੀਐਸਪ ਸੁਖਵਿੰਦਰ ਸਿੰਘ,ਧਰਮਪਾਲ ਬਾਂਸਲ ਚੇਅਰਮੈਨ ਹਾਰਮੋਨੀ ਆਯੁਰਵੈਦਿਕ ਕਾਲਜ, ਮਾਰਕੀਟ ਕਮੇਟੀ ਚੇਅਰਮੈਨ ਬਲਰਾਜ ਸਿੰਘ ਕਟੋਰਾ, ਡਿਪਟੀ ਡੀ.ਈ.ਓ. ਡਾ. ਸਤਿੰਦਰ ਸਿੰਘ, ਆਯੁਰਵੇਦਿਕ ਅਫ਼ਸਰ ਡਾ. ਰੁਪਿੰਦਰ ਦੀਪ, ਡਾ. ਗੁਰਮੇਜ ਰਾਮ, ਅਮਨਪ੍ਰੀਤ ਕੌਰ (ਜਿਲ੍ਹਾ ਕੋਆਰਡੀਨੇਟਰ), ਯੋਗ ਟਰੇਨਰ ਨਵਨੀਸ਼ ਕੰਬੋਜ਼, ਪਰਵਿੰਦਰ ਸਿੰਘ, ਪੂਰਨ ਸਿੰਘ, ਬਲਜਿੰਦਰ ਸਿੰਘ ਆਦਿ ਸ਼ਾਮਿਲ ਰਹੇ। ਆਏ ਹੋਏ ਮਹਿਮਾਨਾਂ ਨੂੰ ਬੂਟੇ ਭੇਟ ਕਰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਵਾਤਾਵਰਨ ਸੰਭਾਲ ਸੰਦੇਸ਼ ਦੇ ਤੌਰ ’ਤੇ ਰੁੱਖ ਲਗਾਉਣ ਦੀ ਅਪੀਲ ਵੀ ਕੀਤੀ ਗਈ।

Related Articles

Leave a Reply

Your email address will not be published. Required fields are marked *

Back to top button