
ਰਾਜਪੁਰਾ, 21 ਜੂਨ : ਥਾਣਾ ਸਿਟੀ ਪੁਲਿਸ ਨੇ ਰਾਤ ਸਮੇਂ ਨੈਸ਼ਨਲ ਹਾਈਵੇ ’ਤੇ ਹਥਿਆਰ ਦਿਖਾ ਕੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਇਕ ਆਟੋ, ਦੋ ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕਰ ਕੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਪੁਲਿਸ ਦੇ ਐੱਸਐੱਚਓ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ 18 ਜੂਨ ਦੀ ਦਰਮਿਆਨੀ ਰਾਤ ਨੂੰ ਕਰੀਬ 2 ਵਜੇ ਇੱਕ ਵਿਅਕਤੀ ਰਾਜ ਕੁਮਾਰ ਜੋ ਕਿ ਆਪਣਾ ਆਟੋ ਲੈ ਕੇ ਰਾਜਪੁਰਾ ਟਾਊਨ ਤੋਂ ਪਟਿਆਲੇ ਵੱਲ ਜਾ ਰਿਹਾ ਸੀ। ਦੋ ਵਿਅਕਤੀਆਂ ਨੇ ਉਸ ਨੂੰ ਰੋਕ ਕੇ ਖਿੱਚ ਧੂਹ ਕੀਤੀ ਅਤੇ ਦਾਤਰ ਦਿਖਾ ਕੇ ਉਸਦਾ ਆਟੋ ਅਤੇ ਮੋਬਾਇਲ ਖੋਹ ਕੇ ਲੈ ਗਏ ਸੀ। ਜਿਸ ਤੋਂ ਬਾਅਦ ਥਾਣਾ ਸਿਟੀ ਪੁਲਿਸ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਅਤੇ ਤੁਰੰਤ ਆਪਣੇ ਸੀਨੀਅਰ ਅਫਸਰਾਂ ਦੇ ਧਿਆਨ ’ਚ ਲਿਆਂਦਾ। ਐੱਸਐੱਸਪੀ ਪਟਿਆਲਾ ਵਰੁਨ ਸ਼ਰਮਾ ਅਤੇ ਡੀਐੱਸਪੀ ਰਾਜਪੁਰਾ ਮਨਜੀਤ ਸਿੰਘ ਨੇ ਤੁਰੰਤ ਟੀਮਾਂ ਬਣਾ ਕੇ ਹਦਾਇਤਾਂ ਕੀਤੀਆਂ। ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਦਾਇਤਾਂ ਤੋਂ ਬਾਅਦ ਥਾਣਾ ਸਿਟੀ ਪੁਲਿਸ ਨੇ ਉਕਤ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਥਾਣਾ ਸਿਟੀ ਪੁਲਿਸ ਦੇ ਏਐੱਸਆਈ ਬਲਦੇਵ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਲੁੱਟਾਂ ਖੋਹਾ ਕਰਨ ਵਾਲੇ ਦੋ ਵਿਅਕਤੀ ਹਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਕਾਨ ਨੰਬਰ 124 ਗੁਰੂ ਅਮਰਦਾਸ ਕਲੋਨੀ ਥਾਣਾ ਰਾਜਪੁਰਾ ਜਿਲਾ ਪਟਿਆਲਾ ਅਤੇ ਕਮਲ ਸ਼ਰਮਾ ਉਰਫ ਕਮਲੀ ਪੁੱਤਰ ਭੀਮ ਸੈਨ ਸ਼ਰਮਾ ਵਾਸੀ ਮਕਾਨ ਨੰਬਰ 710 ਗੁਰੂ ਅਮਰਦਾਸ ਕਲੋਨੀ ਰਾਜਪੁਰਾ ਆਟੋ ਤੇ ਸਵਾਰ ਹੋ ਕੇ ਜੰਡੋਲੀ ਵਾਲੇ ਕੱਚੇ ਰਸਤੇ ਤੋਂ ਆ ਰਹੇ ਹਨ, ਜੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ਨੂੰ ਕਾਬੂ ਕੀਤਾ। ਪੜਤਾਲ ਦੌਰਾਨ ਇਕ ਆਟੋ ਤੇ ਮੋਟਰਸਾਈਕਲ ਅਤੇ ਇਕ ਐਕਟਿਵਾ, ਇੱਕ ਕਿਰਚ ਵਰਗਾ ਹਥਿਆਰ ਅਤੇ ਇੱਕ ਦਾਤਰ ਜੋ ਇਨ੍ਹਾਂ ਨੇ ਵਾਰਦਾਤ ਕਰਨ ਸਮੇਂ ਵਰਤਿਆ ਸੀ, ਵੀ ਬਰਾਮਦ ਹੋਇਆ। ਤਫਤੀਸ਼ ਦੌਰਾਨ ਹੋਰ ਵੀ ਕਾਫੀ ਖ਼ੁਲਾਸੇ ਹੋਏ ਹਨ। ਇਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਬੈਕਵਰਡ ਅਤੇ ਫੋਰਵਰਡ ਲਿੰਕ ਵਿੱਚ ਜੋ ਵੀ ਤੱਥ ਸਾਹਮਣੇ ਆਵੇਗਾ, ਕਿਸੇ ਨੂੰ ਵੀ ਬਖਸ਼ਿਆ ਨਹੀ ਜਾਵੇਗਾ। ਰਿਮਾਂਡ ਦੌਰਾਨ ਸਾਨੂੰ ਹੋਰ ਵੀ ਬਰਾਮਦਗੀ ਹੋਣ ਦੀ ਉਮੀਦ ਹੈ।



