Punjab

ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ! ਕੀ ਕਹਿੰਦੇ ਨੇ ਦੋਵਾਂ ਪਾਰਟੀਆਂ ਦੇ ਵੱਡੇ ਲੀਡਰ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 14 ਜੂਨ 2025- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਗੱਠਜੋੜ ਪੰਜਾਬ ਅਤੇ ਭਾਰਤੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਰਾਜਨੈਤਿਕ ਸਾਂਝ ਸੀ। ਇਸ ਗੱਠਜੋੜ ਦਾ ਇਤਿਹਾਸ ਕੁਝ ਦਹਾਕੇ ਪੁਰਾਣਾ ਹੈ ਅਤੇ ਇਸ ਵਿੱਚ ਕਈ ਉਤਾਰ-ਚੜ੍ਹਾਅ ਆਏ ਹਨ।  ਕਈ ਦਫ਼ਾ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਬਣੀ, ਪਰ 2020 ਵਿੱਚ ਕਿਸਾਨਾਂ ਦੇ ਤਿੰਨ ਕਾਨੂੰਨਾਂ (Farm Laws) ਦੇ ਵਿਰੁੱਧ ਚੱਲ ਰਹੇ ਅੰਦੋਲਨ ਸਮੇਂ ਅਕਾਲੀ ਦਲ ਨੇ ਭਾਜਪਾ ਨਾਲ ਗੱਠਜੋੜ ਤੋੜ ਦਿੱਤਾ ਸੀ। ਅਕਾਲੀ ਦਲ ਨੇ ਦਾਅਵਾ ਕੀਤਾ ਕਿ ਭਾਜਪਾ ਸਿੱਖਾਂ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। 2024 ਦੀਆਂ ਲੋਕਸਭਾ ਚੋਣਾਂ ਵਿੱਚ ਅਕਾਲੀ ਦਲ ਨੇ ਭਾਜਪਾ ਨਾਲ ਕੋਈ ਗੱਠਜੋੜ ਨਹੀਂ ਕੀਤਾ ਅਤੇ ਆਪਣੇ ਦਮ ‘ਤੇ ਚੋਣ ਲੜੀ। ਪੰਜਾਬ ਵਿੱਚ ਭਾਜਪਾ ਦੀ ਮੌਜੂਦਗੀ ਕਮਜ਼ੋਰ ਹੋਈ ਹੈ, ਜਦੋਂ ਕਿ ਅਕਾਲੀ ਦਲ ਵੀ ਆਪਣਾ ਪੁਰਾਣਾ ਦਬਦਬਾ ਖੋ ਚੁੱਕਾ ਹੈ। ਹੁਣ ਨਵੇਂ ਸਿਰੇ ਤੋਂ ਇੱਕ ਨਵੀਂ ਸ਼ੁਰੂਆਤ ਹੋਣ ਦੀ ਉਮੀਦ ਜਾਗ ਉੱਠੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਰ ਸਮੇਂ ਤਰੀਫ਼ਾਂ ਕਰਨਾ ਅਤੇ ਖ਼ਾਸ ਕਰਕੇ ਪਾਕਿਸਤਾਨ ਦੇ ਨਾਲ ਜੰਗ ਦਰਮਿਆਨ ਬਾਦਲ ਵੱਲੋਂ ਮੋਦੀ ਦੀਆਂ ਤਰੀਫ਼ਾਂ ਦੇ ਪੁਲ ਬੰਨਣਾ, ਇਸ ਗੱਲ ਦਾ ਸੰਕੇਤ ਸੀ ਕਿ ਅਕਾਲੀ ਦਲ ਵੀ ਚਾਹੁੰਦਾ ਹੈ ਕਿ ਭਾਜਪਾ ਨਾਲ ਗੱਠਜੋੜ ਹੋਵੇ।

ਪੰਜਾਬ ਦੇ ਮਸਲੇ ਹੱਲ ਕਰ ਦੇਵੇ ਭਾਜਪਾ, ਅਸੀਂ ਗੱਠਜੋੜ ਬਾਰੇ ਸੋਚ ਲਵਾਂਗੇ- ਭੂੰਦੜ

ਦਰਅਸਲ, ਹੁਣ ਫਿਰ ਤੋਂ ਅਕਾਲੀ ਦਲ-ਭਾਜਪਾ ਗੱਠਜੋੜ ਹੋਣ ਦੀਆਂ ਚਰਚਾਵਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਕਾਲੀ ਦਲ ਦੇ ਵਿਚਾਲੇ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੂੰਦੜ ਦਾ ਗੱਠਜੋੜ ‘ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਭਾਜਪਾ ਪੰਜਾਬ ਦੇ ਮਸਲੇ ਹੱਲ ਕਰਦੀ ਹੈ, ਤਾਂ ਅਸੀਂ ਗੱਠਜੋੜ ਬਾਰੇ ਸੋਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅਸਲ ਵਿੱਚ ਪੰਜਾਬ ਦੇ ਮਸਲਿਆਂ ਵਿੱਚ ਬੰਦੀ ਸਿੱਖਾਂ ਦਾ ਮਸਲਾ, ਬਾਰਡਰ ਖੋਲ੍ਹਣ ਦੀ ਮੰਗ, ਫ਼ੌਜ ਭਰਤੀ ਦਾ ਮਸਲਾ ਅਤੇ ਪਾਣੀਆਂ ਵਰਗੇ ਮੁੱਦੇ ਸ਼ਾਮਲ ਹਨ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਇਹ ਸਾਰੇ ਮਸਲੇ ਹੱਲ ਕਰਕੇ ਹੀ ਬਚਾਇਆ ਜਾ ਸਕਦਾ ਹੈ। ਭੂੰਦੜ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾਂ ਅਸੂਲਾਂ ਦੀ ਲੜ੍ਹਾਈ ਲੜਦਾ ਰਿਹਾ ਹੈ। ਇਹ ਸਾਰੇ ਮਸਲੇ ਜਿਹੜੇ ਪੰਜਾਬ ਦੇ ਨਾਲ ਸਬੰਧਤ ਹਨ, ਜੇਕਰ ਭਾਜਪਾ ਇਨ੍ਹਾਂ ਨੂੰ ਹੱਲ ਕਰਦੀ ਹੈ ਤਾਂ ਅਸੀਂ ਗੱਠਜੋੜ ਬਾਰੇ ਸੋਚ ਸਕਦੇ ਹਾਂ।

ਭਾਜਪਾ ਵੱਡੇ ਭਰਾ ਦੀ ਭੂਮਿਕਾ ਨਿਭਾਉਣਾ ਚਾਹੁੰਦੀ ਹੈ- ਚੰਨੀ

ਦੂਜੇ ਪਾਸੇ ਭਾਜਪਾ ਲੀਡਰ ਐਸਐਸ ਚੰਨੀ ਦਾ ਕਹਿਣਾ ਹੈ ਕਿ ਭਾਜਪਾ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਪੰਜਾਬ ਦੇ ਅੰਦਰ ਆਪਣੇ ਬਲਬੂਤੇ ‘ਤੇ ਲੜ੍ਹ ਚੁੱਕੀ ਹੈ। ਚੰਨੀ ਨੇ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਸੰਕੇਤ ਦਿੱਤੇ ਅਤੇ ਕਿਹਾ ਕਿ ਭਾਜਪਾ ਗੱਠਜੋੜ ਲਈ ਤਾਂ ਤਿਆਰ ਹੈ, ਪਰ ਇਸ ਵਾਰ ਭਾਜਪਾ ਵੱਡੇ ਭਰਾ ਵਾਲੀ ਭੂਮਿਕਾ ਨਿਭਾਉਣਾ ਚਾਹੁੰਦੀ ਹੈ। ਦੱਸ ਦਈਏ ਕਿ ਵੱਡੇ ਅਤੇ ਛੋਟੇ ਭਰਾ ਦੇ ਮਾਇਨੇ ਇਹ ਹਨ ਕਿ ਸੀਐੱਮ ਵੱਡੇ ਭਰਾ ਵਾਲੀ ਧਿਰ ਵਿੱਚੋਂ ਹੋਵੇਗਾ, ਜਦੋਂਕਿ ਹੋਰ ਬਾਕੀ ਸਭ ਸੀਟਾਂ ਦੀ ਵੰਡ ਤੇ ਨਿਰਭਰ ਕਰੇਗਾ। ਪਹਿਲਾਂ ਅਕਾਲੀ ਦਲ 117 ਵਿਧਾਨ ਸਭਾ ਸੀਟਾਂ ਵਿੱਚੋਂ 23 ਸੀਟਾਂ ਹੀ ਬੀਜੇਪੀ ਨੂੰ ਦਿੰਦਾ ਸੀ ਅਤੇ ਬਾਕੀ ਸੀਟਾਂ ਤੇ ਆਪ ਲੜ੍ਹਦਾ ਸੀ। ਹੁਣ ਜੇਕਰ ਅਕਾਲੀ ਭਾਜਪਾ ਦਾ ਗੱਠਜੋੜ ਹੁੰਦਾ ਹੈ ਤਾਂ, ਲੱਗਦਾ ਹੈ ਕਿ ਸਭ ਤੋਂ ਪਹਿਲਾਂ ਗੱਲ ਸੀਟਾਂ ਭਾਜਪਾ ਤਰਫ਼ੋਂ ਸੀਟਾਂ ਦੀ ਵੰਡ ਨੂੰ ਲੈ ਕੇ ਹੀ ਕੀਤੀ ਜਾ ਸਕਦੀ ਹੈ।

ਗੱਠਜੋੜ ਦਾ ਫ਼ੈਸਲਾ ਹਾਈਕਮਾਂਡ ਹੀ ਲਵੇਗੀ- ਮਨੋਰੰਜਨ ਕਾਲੀਆ

ਉਥੇ ਹੀ ਅਕਾਲੀ ਭਾਜਪਾ ਗੱਠਜੋੜ ਦੀਆਂ ਚੱਲ ਰਹੀਆਂ ਖ਼ਬਰਾਂ ‘ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਨਾਲ ਸਾਡੀ ਪੰਜਾਬ ਦੇ ਅੰਦਰ ਕਈ ਸਾਲ ਸਰਕਾਰ ਰਹੀ ਹੈ। ਹਮੇਸ਼ਾਂ ਹੀ ਅਕਾਲੀ ਦਲ ਨੇ ਵੱਡੇ ਭਰਾ ਦੀ ਭੂਮਿਕਾ ਬੜੇ ਸੋਹਣੇ ਅਤੇ ਵਧੀਆ ਢੰਗ ਨਾਲ ਨਿਭਾਈ ਹੈ ਅਤੇ ਭਾਜਪਾ ਵੀ ਛੋਟੇ ਭਰਾ ਦੀ ਭੂਮਿਕਾ ਨਿਭਾਉਣ ਤੋਂ ਪਿੱਛੇ ਨਹੀਂ ਹਟੀ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਭਾਜਪਾ ਦਾ ਗੱਠਜੋੜ ਹੁੰਦਾ ਹੈ ਤਾਂ, ਪੰਜਾਬ ਦੇ ਅੰਦਰ ਨਿਸਚਿਤ ਤੌਰ ਤੇ ਗੱਠਜੋੜ ਦੀ ਹੀ ਸਰਕਾਰ ਬਣੇਗੀ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਤੌਰ ਤੇ ਇਹ ਗੱਲ ਵੀ ਕਹੀ ਕਿ, ਅਕਾਲੀ ਦਲ ਦੇ ਨਾਲ ਗੱਠਜੋੜ ਦਾ ਫ਼ੈਸਲਾ ਭਾਜਪਾ ਹਾਈਕਮਾਂਡ ਹੀ ਲਵੇਗੀ। ਅਸੀਂ ਤਾਂ ਸੁਝਾਅ ਦੇ ਸਕਦੇ ਹਾਂ, ਬਾਕੀ ਫ਼ੈਸਲਾ ਲੈਣਾ ਤਾਂ ਅਕਾਲੀ ਭਾਜਪਾ ਦੋਵਾਂ ਦੇ ਹਾਈਕਮਾਂਡ ਦਾ ਕੰਮ ਹੈ। ਫ਼ਿਲਹਾਲ, ਅਕਾਲੀ-ਭਾਜਪਾ ਗੱਠਜੋੜ ਦੀ ਸੰਭਾਵਨਾ ਬਹੁਤ ਕਮਜ਼ੋਰ ਹੈ, ਕਿਉਂਕਿ ਦੋਵੇਂ ਪਾਰਟੀਆਂ ਦੇ ਵਿਚਾਰਧਾਰਕ ਅਤੇ ਰਾਜਨੈਤਿਕ ਫਰਕ ਵਧ ਰਹੇ ਹਨ। ਪਰ ਰਾਜਨੀਤੀ ਵਿੱਚ ਕੋਈ ਵੀ ਚੀਜ਼ ਪੱਕੀ ਨਹੀਂ ਹੁੰਦੀ, ਜੇਕਰ ਦੋਵੇਂ ਪਾਰਟੀਆਂ ਨੂੰ ਇਸ ਵਿੱਚ ਫਾਇਦਾ ਨਜ਼ਰ ਆਵੇ, ਤਾਂ ਭਵਿੱਖ ਵਿੱਚ ਗੱਠਜੋੜ ਹੋ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button