Punjab

ਹੁਣ ‘ਡੰਮੀ’ ਦਾਖ਼ਲਿਆਂ ਵਾਲੇ ਕਾਲਜਾਂ ਦੀ ਖੈਰ ਨਹੀਂ, ਹੋਵੇਗੀ ਅਚਨਚੇਤ ਚੈਕਿੰਗ ਤੇ ਕਾਰਵਾਈ, ਪੰਜਾਬੀ ਯੂਨੀਵਰਸਿਟੀ ਨੇ ਲਿਆ ਵੱਡਾ ਫ਼ੈਸਲਾ

ਪਟਿਆਲਾ, 14 ਜੂਨ : ਕਾਲਜਾਂ ’ਚ ਹੋਣ ਵਾਲੇ ‘ਡੰਮੀ’ ਦਾਖਲਿਆਂ ਨੂੰ ਰੋਕਣ ਲਈ ਪੰਜਾਬੀ ਯੂਨਵਰਸਿਟੀ ਨੇ ਪੂਰੀ ਤਿਆਰੀ ਕਰ ਲਈ ਹੈ। ਯੂਨੀਵਰਸਿਟੀ ਵੱਲੋਂ ਕਾਲਜਾਂ ਵਿਚ ਅਚਨੇਚਤ ਚੈਕਿੰਗ ਕੀਤੀ ਜਾਵੇਗੀ। ਪੜਤਾਲ ਦੌਰਾਨ ਬੇਨਿਯਮੀਆਂ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿਚ ਮਾਨਤਾ ਰੱਦ ਕਰਨਾ ਵੀ ਸ਼ਾਮਲ ਹੈ। ਕਾਲਜਾਂ ਦੇ ਨਕਲੀ ਦਾਖ਼ਲਿਆਂ ਨੂੰ ਰੋਕਣ ਲਈ ਯੂਨੀਵਰਸਿਟੀ ਨੇ ਵਿਸ਼ੇਸ਼ ਕਮੇਟੀ ਦਾ ਗਠਨ ਕਰਨ ਦੇ ਨਾਲ ਹੀ ਕਾਲਜਾਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ। ਜਾਣਕਾਰੀ ਅਨੁਸਾਰ ‘ਡੰਮੀ ਐਡਮਿਸ਼ਨ’ ਤਹਿਤ ਵਿਦਿਆਰਥੀਆਂ ਦੇ ਦਾਖ਼ਲੇ ਕਰ ਕੇ ਉਨ੍ਹਾਂ ਨੂੰ ਕਲਾਸਾਂ ਲਗਾਉਣ ਤੋਂ ਪੂਰਨ ਤੌਰ ’ਤੇ ਛੋਟ ਦੇ ਦਿੱਤੀ ਜਾਂਦੀ ਹੈ ਤੇ ਵਿਦਿਆਰਥੀ ਦੀਆਂ ਹਾਜ਼ਰੀਆਂ ਪੂਰੀਆਂ ਕਰ ਕੇ ਸਿੱਧਾ ਪ੍ਰੀਖਿਆਵਾਂ ਵਿਚ ਬਿਠਾ ਦਿੱਤਾ ਜਾਂਦਾ ਹੈ। ਪੰਜਾਬੀ ਯੂਨੀਵਰਸਿਟੀ ਅਧੀਨ ਆਉਂਦੇ ਇੱਕ ਕਾਲਜ ’ਚ ਡੰਮੀ ਦਾਖ਼ਲੇ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪੰਜਾਬੀ ਯੂਨਵਰਸਿਟੀ ਡੀਨ ਕਾਲਜ ਵਿਕਾਸ ਕੌਂਸਲ ਵੱਲੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਈਸ ਚਾਂਸਲਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਇਸ ਮਾਮਲੇ ’ਚ ਫੌਰੀ ਕਾਰਵਾਈ ਕਰਦਿਆਂ ਸਬੰਧਤ ਕਾਲਜ ਨੂੰ ਦੋ ਦਿਨਾਂ ਦੇ ਅੰਦਰ ਸਪਸ਼ਟੀਕਰਨ ਦੇਣ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਹੈ। ਵਾਈਸ ਚਾਂਸਲਰ ਦੇ ਹੁਕਮਾਂ ਅਨੁਸਾਰ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਭਵਿੱਖ ’ਚ ਕਿਸੇ ਵੀ ਸੰਭਾਵੀ ਬੇਨਿਯਮੀ ਵਾਲੇ ਅਮਲ ਨੂੰ ਰੋਕਣ ਲਈ ਵੱਖ-ਵੱਖ ਸਮਿਆਂ ’ਤੇ ਵੱਖ-ਵੱਖ ਕਾਲਜਾਂ ਦੀ ਅਚਨਚੇਤ ਚੈਕਿੰਗ ਕੀਤੀ ਜਵੇਗੀ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਡੰਮੀ ਦਾਖਲਿਆਂ ਦਾ ਰੁਝਾਨ ਗਲਤ ਤੇ ਨਿਯਮਾਂ ਤੋਂ ੳਲਟ ਹੈ। ਯੂਨੀਵਰਸਿਟੀ ਵੱਲੋਂ ਅਜਿਹੇ ਮਾਮਲਿਆਂ ’ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ। ਕੋਈ ਵੀ ਜਾਣਾਕਰੀ ਤੇ ਸੂਚਨਾ ਸਾਹਮਣੇ ਆਉਣ ’ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਦਾਖਿਲਆਂ ਦੇ ਦਿਨਾਂ ’ਚ ਕਾਲਜਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਲੋੜ ਪੈਣ ’ਤੇ ਯੂਨੀਵਰਸਿਟੀ ਦੀ ਉੱਚ ਪੱਧਰੀ ਟੀਮ ਵੱਲੋਂ ਕਾਲਜਾਂ ਦੀ ਅਚਨਚੇਤ ਚੈਕਿੰਗ ਕੀਤੀ ਜਾਵੇਗੀ। ਡਾ. ਜਗਦੀਪ ਸਿੰਘ ਨੇ ਕਿਹਾ ਕਿ ਪੜਤਾਲ ਦੌਰਾਨ ਜੇਕਰ ਕਿਸੇ ਵੀ ਕਾਲਜ ’ਚ ਬੇਨਿਯਮੀਆਂ ਸਾਹਮਣੇ ਆਉਂਦੀਆਂ ਹਨ ਤਾਂ ਕਾਰਵਾਈ ਜ਼ਰੂਰ ਹੋਵੇਗੀ।

Related Articles

Leave a Reply

Your email address will not be published. Required fields are marked *

Back to top button