ਇੰਸਟਾਗ੍ਰਾਮ ‘ਤੇ ਹੋਇਆ ਪਿਆਰ… ਪਰਿਵਾਰ ਦੇ 15 ਮੈਂਬਰਾਂ ਨੂੰ ਕੀਤਾ ਬੇਹੋਸ਼, ਫਿਰ ਪ੍ਰੇਮੀ ਨੂੰ ਬੁਲਾਇਆ ਘਰ; ਕੀਤਾ ਅਜਿਹਾ ਕਾਂਡ ਸਭ ਰਹਿ ਗਏ ਦੰਗ

ਖੰਨਾ, 12 ਜੂਨ : ਥਾਣਾ ਮਲੌਦ ਦੇ ਪਿੰਡ ਕੁਲਾਹੜ ’ਚ ਕੁਝ ਦਿਨ ਪਹਿਲਾਂ ਹੋਈ ਚੋਰੀ ਦੀ ਵੱਡੀ ਵਾਰਦਾਤ ’ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਚੋਰੀ ਦੀ ਵਾਰਦਾਤ ਨੂੰ ਘਰ ਦੀ ਔਰਤ ਵੱਲੋਂ ਹੀ ਆਪਣੇ ਸਾਥੀ ਨਾਲ ਮਿਲ ਕੇ ਅੰਜਾਮ ਦਿੱਤਾ ਗਿਆ ਸੀ। ਔਰਤ ਨੇ ਪਹਿਲਾਂ ਆਪਣੇ ਪਰਿਵਾਰ ਨੂੰ ਨਸ਼ਾ ਦੇ ਕੇ ਬੇਹੋਸ਼ ਕੀਤਾ ਤੇ ਫਿਰ ਆਪਣੇ ਸਾਥੀ ਨੂੰ ਬੁਲਾ ਕੇ ਚਾਬੀਆਂ ਦਿੱਤੀਆਂ ਤੇ ਘਰ ਦੀ ਅਲਮਾਰੀ ਤੇ ਪੇਟੀਆਂ ’ਚੋਂ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਤੇ ਮੋਬਾਈਲ ਚੋਰੀ ਕਰਵਾਏ। ਐੱਸਐੱਸਪੀ ਡਾ. ਜੋਤੀ ਯਾਦਵ ਨੇ ਦੱਸਿਆ ਚੋਰੀ ਕੀਤੇ ਗਹਿਣੇ ਤੇ ਹੋਰ ਸਾਰਾ ਸਾਮਾਨ ਪੁਲਿਸ ਨੇ ਬਰਾਮਦ ਕਰਵਾ ਲਿਆ ਹੈ। ਉਨ੍ਹਾਂ ਦੱਸਿਆ ਕਮਲਜੀਤ ਕੌਰ ਦੀ ਮਲੇਸ਼ੀਆ ਤੋਂ ਵਾਪਸ ਆਏ ਪੀਰ ਸੋਹਾਣਾ (ਮੋਹਾਲੀ) ਵਾਸੀ ਦਿਲਰਾਜ ਸਿੰਘ ਉਰਫ਼ ਭੋਲੂ ਨਾਲ ਇੰਸਟਾਗ੍ਰਾਮ ਰਾਹੀਂ ਦੋਸਤੀ ਹੋ ਗਈ, ਜਿਸ ਨਾਲ ਮਿਲ ਕੇ ਔਰਤ ਨੇ ਇਕ ਗੰਭੀਰ ਤੇ ਸ਼ਰਮਨਾਕ ਸਾਜ਼ਿਸ਼ ਰਚੀ। 8 ਜੂਨ ਦੀ ਰਾਤ ਕਮਲਜੀਤ ਨੇ ਘਰ ਦੇ ਲਗਪਗ 15 ਮੈਂਬਰਾਂ ਨੂੰ ਕਿਸੇ ਪਦਾਰਥ ਨਾਲ ਬੇਹੋਸ਼ ਕੀਤਾ। ਉਸ ਤੋਂ ਬਾਅਦ ਦਿਲਰਾਜ ਨੂੰ ਘਰ ਬੁਲਾਇਆ ਤੇ ਘਰ ਦੀਆਂ ਚਾਬੀਆਂ ਦਿੱਤੀਆਂ। ਦਿਲਰਾਜ ਨੇ ਘਰ ਦੀ ਅਲਮਾਰੀ ਤੇ ਪੇਟੀਆਂ ’ਚੋਂ 11 ਮੁੰਦਰੀਆਂ, 4 ਜੋੜੇ ਵਾਲੀਆਂ, 1 ਹਾਰ, 1 ਕੜਾ, ਹੋਰ ਸੋਨੇ ਚਾਂਦੀ ਦੇ ਗਹਿਣੇ ਤੇ ਇੱਕ ਆਈਫੋਨ ਚੋਰੀ ਕਰ ਲਿਆ। ਚੋਰੀ ਦੀ ਸ਼ਿਕਾਇਤ ਕਮਲਜੀਤ ਦੇ ਸਹੁਰੇ ਬਲਵਿੰਦਰ ਸਿੰਘ ਵੱਲੋਂ ਥਾਣਾ ਮਲੌਦ ’ਚ ਦਰਜ ਕਰਵਾਈ ਗਈ। ਸ਼ੁਰੂਆਤੀ ਤੌਰ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਪਰ ਪੁਲਿਸ ਨੇ ਤਕਨੀਕੀ ਜਾਂਚ, ਸੀਸੀਟੀਵੀ ਫੁਟੇਜ ਤੇ ਮੋਬਾਈਲ ਟ੍ਰੈਕਿੰਗ ਰਾਹੀਂ ਘਟਨਾ ਦੀ ਪੜਤਾਲ ਕੀਤੀ। ਐੱਸਐੱਸਪੀ ਡਾ. ਜੋਤੀ ਯਾਦਵ ਨੇ ਦੱਸਿਆ ਦਿਲਰਾਜ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੈਰਾਨ ਕਰਨ ਵਾਲੇ ਖੁਲਾਸੇ ਹੋਏ। ਪੁੱਛਗਿੱਛ ਦੌਰਾਨ ਦੋਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਚੋਰੀ ਹੋਇਆ ਸਾਰਾ ਸਾਮਾਨ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਚੋਰੀ ਤੋਂ ਬਾਅਦ ਕਮਲਜੀਤ ਕੌਰ ਦਿਲਰਾਜ ਨਾਲ ਘਰੋਂ ਭੱਜ ਕੇ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਪੁਲਿਸ ਨੇ ਸਮੇਂ ਰਹਿੰਦਿਆਂ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮੌਕੇ ਡੀਐੱਸਪੀ ਖੰਨਾ ਅੰਮ੍ਰਿਤਪਾਲ ਸਿੰਘ ਭਾਟੀ, ਡੀਐੱਸਪੀ ਪਾਇਲ ਹੇਮੰਤ ਕੁਮਾਰ ਮਲਹੋਤਰਾ, ਡੀਐੱਸਪੀ ਮੋਹਿਤ ਸਿੰਗਲਾ ਹਾਜ਼ਰ ਸਨ।



